10ਵੀਂ ਅਤੇ 12ਵੀਂ ਦੇ ਬਾਕੀ ਰਹਿੰਦੇ ਇਮਤਿਹਾਨ ਨੂੰ ਲੈ ਕੇ CBSE ਦਾ ਵੱਡਾ ਫੈਸਲਾ

06/25/2020 3:41:33 PM

ਨਵੀਂ ਦਿੱਲੀ— ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ. ਬੀ. ਐੱਸ. ਈ.) ਅਤੇ ਕੇਂਦਰ ਨੇ ਦੀ 10ਵੀਂ ਅਤੇ 12ਵੀਂ ਜਮਾਤ ਦੇ ਬਾਕੀ ਰਹਿੰਦੇ ਇਮਤਿਹਾਨ ਨੂੰ ਰੱਦ ਕਰ ਦਿੱਤਾ ਹੈ। ਇਹ ਇਮਤਿਹਾਨ 1 ਤੋਂ 15 ਜੁਲਾਈ ਤੱਕ ਹੋਣੇ ਸਨ। ਦੇਸ਼ 'ਚ ਕੋਰੋਨਾ ਵਾਇਰਸ ਮਹਾਮਾਰੀ ਦੇ ਤੇਜ਼ੀ ਨਾਲ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਸੀ. ਬੀ. ਐੱਸ. ਈ. ਨੇ 10ਵੀਂ ਅਤੇ 12ਵੀਂ ਦੇ ਬਾਕੀ ਰਹਿੰਦੇ ਇਮਤਿਹਾਨ ਨੂੰ ਰੱਦ ਕਰਨ ਦਾ ਫੈਸਲਾ ਲਿਆ ਹੈ। ਬੋਰਡ ਨੇ ਸੁਪਰੀਮ ਕੋਰਟ ਵਿਚ ਸੁਣਵਾਈ ਦੌਰਾਨ ਅਦਾਲਤ ਨੂੰ ਆਪਣੇ ਫੈਸਲੇ ਤੋਂ ਜਾਣੂ ਕਰਾਇਆ। ਓਧਰ ਕੇਂਦਰ ਵਲੋਂ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ 10ਵੀਂ ਅਤੇ 12ਵੀਂ ਦੀ 1 ਤੋਂ 15 ਜੁਲਾਈ ਨੂੰ ਹੋਣ ਵਾਲੇ ਇਮਤਿਹਾਨ ਨੂੰ ਰੱਦ ਕਰਨ ਦੀ ਜਾਣਕਾਰੀ ਅਦਾਲਤ ਨੂੰ ਦਿੱਤੀ। 

PunjabKesari

ਦਰਅਸਲ ਕੋਰੋਨਾ ਦੀ ਆਫ਼ਤ ਨੂੰ ਦੇਖਦਿਆਂ ਇਮਤਿਹਾਨ ਨੂੰ ਰੱਦ ਕਰਨ ਨੂੰ ਲੈ ਕੇ ਕੁਝ ਮਾਪਿਆਂ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਜਿਸ ਤੋਂ ਬਾਅਦ ਕੋਰਟ 'ਚ ਇਸ ਬਾਬਤ ਸੁਣਵਾਈ ਹੋਈ ਸੀ, ਬੋਰਡ ਤੋਂ ਪੁੱਛਿਆ ਗਿਆ ਸੀ ਕਿ ਕੀ ਇਮਤਿਹਾਨ ਰੱਦ ਕੀਤੇ ਜਾ ਸਕਦੇ ਹਨ। ਬੋਰਡ ਨੇ ਆਪਣਾ ਜਵਾਬ ਦਾਖਲ ਕਰਦੇ ਹੋਏ ਅਦਾਲਤ ਨੂੰ ਇਮਤਿਹਾਨ ਰੱਦ ਕਰਨ ਦੇ ਫੈਸਲੇ ਦੀ ਜਾਣਕਾਰੀ ਦਿੱਤੀ ਹੈ। ਸੁਰੱਖਿਆ ਦੇ ਮੁੱਦੇ ਕਾਰਨ ਬਾਕੀ ਰਹਿੰਦੇ ਇਮਤਿਹਾਨ ਨੂੰ ਰੱਦ ਕਰ ਦਿੱਤਾ ਗਿਆ ਹੈ ਪਰ 12ਵੀਂ ਦੇ ਵਿਦਿਆਰਥੀ ਬਦਲਵੇਂ ਰੂਪ ਨਾਲ ਸੀ. ਬੀ. ਐੱਸ. ਈ. ਬੋਰਡ ਇਮਤਿਹਾਨ ਲਈ ਹਾਜ਼ਰ ਹੋ ਸਕਦੇ ਹਨ। ਇਸ ਫੈਸਲੇ ਤੋਂ ਬਾਅਦ ਵਿਦਿਆਰਥੀਆਂ ਵਿਚਾਲੇ ਛੇਤੀ ਨਤੀਜੇ ਆਉਣ ਦੀ ਉਮੀਦ ਵੀ ਪਰਵਾਨ ਚੜ੍ਹਨ ਲੱਗੀ ਹੈ। 
 

ਇਹ ਹੋ ਸਕਦੇ ਨੇ ਵਿਦਿਆਰਥੀਆਂ ਲਈ ਬਦਲ—
ਜਿਨ੍ਹਾਂ ਵਿਸ਼ਿਆਂ ਦੇ ਇਮਤਿਹਾਨ ਹੋਣੇ ਸਨ, ਉਨ੍ਹਾਂ 'ਚ ਵਿਦਿਆਰਥੀਆਂ ਨੂੰ ਸਕੂਲ ਅਧਾਰਿਤ ਪਿਛਲੇ ਇਮਤਿਹਾਨ 'ਚ ਪ੍ਰਦਰਸ਼ਨ ਦੇ ਅੰਦਰੂਨੀ ਮੁਲਾਂਕਣ ਦੇ ਆਧਾਰ 'ਤੇ ਔਸਤ ਅੰਕ ਦੇ ਕੇ ਪ੍ਰਮੋਟ ਕੀਤਾ ਜਾ ਸਕਦਾ ਹੈ।
ਇਸ ਤੋਂ ਇਲਾਵਾ ਸੰਬੰਧਤ ਵਿਸ਼ਿਆਂ ਵਿਚ ਅੰਕ ਸੁਧਾਰ ਲਈ ਬਾਅਦ ਵਿਚ ਇਮਤਿਹਾਨ ਦੇਣ ਦਾ ਬਦਲ ਵੀ ਵਿਦਿਆਰਥੀਆਂ ਨੂੰ ਮਿਲ ਸਕਦਾ ਹੈ।

29 ਵਿਸ਼ਿਆਂ 'ਤੇ ਹੋਣੇ ਸਨ ਇਮਤਿਹਾਨ—
ਦਰਅਸਲ ਦੇਸ਼ ਵਿਚ ਕੋਰੋਨਾ ਵਾਇਰਸ ਦੇ ਚੱਲਦੇ ਤਾਲਾਬੰਦੀ ਦੇ ਐਲਾਨ ਤੋਂ ਪਹਿਲਾਂ ਸੀ. ਬੀ. ਐੱਸ. ਈ. ਇਮਤਿਹਾਨ ਸ਼ੁਰੂ ਹੋ ਚੁੱਕੇ ਸਨ। ਹਾਲਾਂਕਿ ਤਾਲਾਬੰਦੀ ਤੋਂ ਬਾਅਦ ਕੁਝ ਇਮਤਿਹਾਨ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ। ਮਨੁੱਖੀ ਵਸੀਲੇ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ 10ਵੀਂ ਅਤੇ 12ਵੀਂ ਦੇ 29 ਵਿਸ਼ਿਆਂ ਦੇ ਇਮਤਿਹਾਨ ਲਈ ਡੇਟਸ਼ੀਟ ਵੀ ਜਾਰੀ ਕਰ ਦਿੱਤੀ ਸੀ। ਇਸ ਦੇ ਤਹਿਤ 10ਵੀਂ ਦੇ ਇਮਤਿਹਾਨ ਸਿਰਫ ਉੱਤਰੀ-ਪੂਰਬੀ ਦਿੱਲੀ ਦੇ ਇਲਾਕਿਆਂ ਵਿਚ ਹੋਣੇ ਸਨ। ਜਦਕਿ 12ਵੀਂ ਦੇ ਇਮਤਿਹਾਨ ਦੇਸ਼ ਭਰ ਵਿਚ ਆਯੋਜਿਤ ਕਰਨ ਦਾ ਫੈਸਲਾ ਲਿਆ ਗਿਆ ਸੀ।


Tanu

Content Editor

Related News