ਔਰਤਾਂ ਨੂੰ ਲੈ ਕੇ ਟਿੱਪਣੀ ’ਤੇ ਵਿਵਾਦ : CBSE ਨੇ 10ਵੀਂ ਦੇ ਪੇਪਰ ਤੋਂ ਕੁਝ ਸਵਾਲ ਹਟਾਏ, ਮਿਲਣਗੇ ਪੂਰੇ ਅੰਕ
Tuesday, Dec 14, 2021 - 10:00 AM (IST)
ਨਵੀਂ ਦਿੱਲੀ (ਭਾਸ਼ਾ)– ਸੀ. ਬੀ. ਐੱਸ. ਈ. ਨੇ ਔਰਤਾਂ ’ਤੇ ਟਿੱਪਣੀ ਨੂੰ ਲੈ ਕੇ ਵਿਵਾਦ ਤੋਂ ਬਾਅਦ ਸੋਮਵਾਰ ਨੂੰ 10ਵੀਂ ਜਮਾਤ ਦੀ ਅੰਗ੍ਰੇਜ਼ੀ ਪ੍ਰੀਖਿਆ ਦੇ ਇਕ ਲੇਖ ਅਤੇ ਉਸ ਨਾਲ ਜੁੜੇ ਸਵਾਲਾਂ ਨੂੰ ਹਟਾ ਦਿੱਤਾ ਅਤੇ ਵਿਦਿਆਰਥੀਆਂ ਨੂੰ ਇਸ ਲਈ ਪੂਰੇ ਅੰਕ ਦੇਣ ਦਾ ਫ਼ੈਸਲਾ ਕੀਤਾ। ਕਥਿਤ ਤੌਰ ’ਤੇ ‘ਲਿੰਗਿਕ ਰੂੜੀਵਾਦਿਤਾ’ ਨੂੰ ਬੜਾਵਾ ਦੇਣ ਅਤੇ ‘ਪਿਛੜੀਆਂ ਧਾਰਨਾਵਾਂ’ ਦਾ ਸਮਰਥਨ ਕਰਨ ਵਾਲੇ ਸਵਾਲਾਂ ਨੂੰ ਲੈ ਕੇ ਵਿਵਾਦ ਤੋਂ ਬਾਅਦ ਬੋਰਡ ਨੇ ਇਹ ਕਦਮ ਚੁੱਕਿਆ ਹੈ। ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਨੇ ਐਤਵਾਰ ਨੂੰ ਇਸ ਮਾਮਲੇ ਨੂੰ ਵਿਸ਼ਾ ਮਾਹਿਰਾਂ ਕੋਲ ਭੇਜਿਆ ਸੀ ਅਤੇ ਉਨ੍ਹਾਂ ਤੋਂ ਪ੍ਰਤੀਕਿਰਿਆ ਮੰਗੀ ਸੀ। ਸ਼ਨੀਵਾਰ ਨੂੰ ਆਯੋਜਿਤ 10ਵੀਂ ਦੀ ਪ੍ਰੀਖਿਆ ’ਚ ਪ੍ਰਸ਼ਨ ਪੱਤਰ ’ਚ ‘ਔਰਤਾਂ ਦੀ ਮੁਕਤੀ ਨੇ ਬੱਚਿਆਂ ’ਤੇ ਮਾਤਾ-ਪਿਤਾ ਦੇ ਅਧਿਕਾਰ ਨੂੰ ਖ਼ਤਮ ਕਰ ਦਿੱਤਾ’ ਅਤੇ ‘ਆਪਣੇ ਪਤੀ ਦੇ ਤੌਰ-ਤਰੀਕੇ ਨੂੰ ਮੰਣਨ ਕਰਕੇ ਹੀ ਇਕ ਮਾਂ ਆਪਣੇ ਤੋਂ ਛੋਟਿਆਂ ਤੋਂ ਸਨਮਾਨ ਪਾ ਸਕਦੀ ਹੈ’ ਵਰਗੇ ਸ਼ਬਦਾਂ ਦੇ ਇਸਤੇਮਾਲ ਨੂੰ ਲੈ ਕੇ ਇਤਰਾਜ਼ ਜਤਾਇਆ ਗਿਆ ਸੀ।
ਇਹ ਵੀ ਪੜ੍ਹੋ : CBSE ਪੇਪਰ ’ਚ ਮਹਿਲਾ ਵਿਰੋਧੀ ਪ੍ਰਸ਼ਨ ’ਤੇ ਸੋਨੀਆ, ਰਾਹੁਲ ਤੇ ਪ੍ਰਿਯੰਕਾ ਨੇ ਸਰਕਾਰ ’ਤੇ ਬੋਲਿਆ ਹਮਲਾ
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸੀ. ਬੀ. ਐੱਸ. ਈ. ਦੀ ਪ੍ਰੀਖਿਆ ਦੇ ਇਕ ਪ੍ਰਸ਼ਨ ਪੱਤਰ ’ਚ ਆਏ ਲੇਖ ਨੂੰ ਮਹਿਲਾ ਵਿਰੋਧੀ ਦੱਸਦੇ ਹੋਏ ਬੋਰਡ ਅਤੇ ਸਿੱਖਿਆ ਮੰਤਰਾਲਾ ਤੋਂ ਇਸ ਪ੍ਰਸ਼ਨ ਪੱਤਰ ਨੂੰ ਤੁਰੰਤ ਵਾਪਸ ਲੈਣ ਤੇ ਇਸ ਵਿਸ਼ੇ ’ਤੇ ਮੁਆਫ਼ੀ ਦੀ ਮੰਗ ਸੋਮਵਾਰ ਨੂੰ ਲੋਕ ਸਭਾ ’ਚ ਕੀਤੀ ਸੀ। ਸੋਨੀਆ ਨੇ ਇਸ ਲੇਖ ਦਾ ਜ਼ਿਕਰ ਕਰਦੇ ਹੋਏ ਅੰਗ੍ਰੇਜ਼ੀ ’ਚ ਉਸ ਦੇ 2 ਵਾਕਾਂ ਨੂੰ ਵੀ ਪ੍ਰਗਟ ਕੀਤਾ, ਜਿਸ ਦੇ ਅਨੁਸਾਰ ,‘ਔਰਤਾਂ ਨੂੰ ਆਜ਼ਾਦੀ ਮਿਲਣਾ ਕਈ ਤਰ੍ਹਾਂ ਦੀ ਸਮਾਜਿਕ ਅਤੇ ਪਰਿਵਾਰਕ ਸਮੱਸਿਆਵਾਂ ਦਾ ਪ੍ਰਮੁੱਖ ਕਾਰਣ ਹੈ’ ਅਤੇ ‘ਪਤਨੀਆਂ ਆਪਣੇ ਪਤੀ ਦੀ ਗੱਲ ਨਹੀਂ ਸੁਣਦੀਆਂ ਹਨ, ਜਿਸ ਦੇ ਕਾਰਣ ਬੱਚੇ ਅਤੇ ਨੌਕਰ ਅਨੁਸ਼ਾਸਨਹੀਣ ਹੁੰਦੇ ਹਨ।’
ਇਹ ਵੀ ਪੜ੍ਹੋ : ਰਾਕੇਸ਼ ਟਿਕੈਤ ਨੂੰ ਮਿਲਿਆ ਲੰਡਨ ਦਾ 21ਵੀਂ ਸੈਂਚੁਰੀ ਆਈਕੌਨ ਐਵਾਰਡ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ