CBSE 10ਵੀਂ ਜਮਾਤ ਦੇ ਨਤੀਜੇ: 99.04 ਫ਼ੀਸਦੀ ਵਿਦਿਆਰਥੀ ਹੋਏ ਪਾਸ, ਕੁੜੀਆਂ ਨੇ ਮਾਰੀ ਬਾਜ਼ੀ

08/03/2021 2:25:55 PM

ਨਵੀਂ ਦਿੱਲੀ (ਭਾਸ਼ਾ)— ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ. ਬੀ. ਐੱਸ. ਈ.) ਦੀ 10ਵੀਂ ਜਮਾਤ ਦੇ ਨਤੀਜੇ ਮੰਗਲਵਾਰ ਯਾਨੀ ਕਿ ਅੱਜ ਐਲਾਨ ਕਰ ਦਿੱਤੇ ਹਨ ਅਤੇ 99.04 ਫ਼ੀਸਦੀ ਵਿਦਿਆਰਥੀ ਇਸ ’ਚ ਪਾਸ ਹੋਏ ਹਨ। ਕੁੜੀਆਂ ਨੇ ਮੁੰਡਿਆਂ ਨੂੰ 0.35 ਫ਼ੀਸਦੀ ਨਾਲ ਪਿੱਛੇ ਛੱਡਿਆ ਹੈ। ਸੀ. ਬੀ. ਐੱਸ. ਈ. ਮੁਤਾਬਕ ਪ੍ਰੀਖਿਆ ਵਿਚ 57,824 ਵਿਦਿਆਰਥੀਆਂ ਦੇ 95 ਫ਼ੀਸਦੀ ਤੋਂ ਵੱਧ ਅੰਕ, 2,00,962 ਵਿਦਿਆਰਥੀਆਂ ਨੇ 90 ਤੋਂ 95 ਫ਼ੀਸਦੀ ਦਰਮਿਆਨ ਅੰਕ ਹਾਸਲ ਕੀਤੇ। ਤ੍ਰਿਵੇਂਦਰਮ ਖੇਤਰ ਨੇ ਸਭ ਤੋਂ ਵੱਧ 99.99 ਫ਼ੀਸਦੀ, ਬੇਂਗਲੁਰੂ ’ਚ 99.96 ਫ਼ੀਸਦੀ ਅਤੇ ਚੇਨਈ ’ਚ 99.94 ਫ਼ੀਸਦੀ ਵਿਦਿਆਰਥੀ ਪਾਸ ਹੋਏ ਹਨ। 

ਇਹ ਵੀ ਪੜ੍ਹੋ: CBSE 10ਵੀਂ ਜਮਾਤ ਦੇ ਨਤੀਜੇ ਜਾਰੀ, ਵਿਦਿਆਰਥੀ ਇੰਝ ਕਰਨ ਚੈੱਕ

ਸੀ. ਬੀ. ਐੱਸ. ਈ. ਦੇ ਪ੍ਰੀਖਿਆ ਕੰਟਰੋਲਰ ਸੰਜਮ ਭਾਰਦਵਾਜ ਨੇ ਕਿਹਾ ਕਿ 16,639 ਵਿਦਿਆਰਥੀਆਂ ਦੇ ਨਤੀਜੇ ਅਜੇ ਵੀ ਤਿਆਰ ਕੀਤੇ ਜਾ ਰਹੇ ਹਨ। ਇਸ ਸਾਲ ਮੈਰਿਟ ਲਿਸਟ ਦਾ ਐਲਾਨ ਨਹੀਂ ਕੀਤਾ ਜਾਵੇਗਾ। ਕੁੱਲ 17,636 ਵਿਦਿਆਰਥੀਆਂ ਦੀ ‘ਕੰਪਾਰਟਮੈਂਟ’ ਆਈ ਹੈ। ਭਾਰਦਵਾਜ ਨੇ ਕਿਹਾ ਕਿ ਕੰਪਾਰਟਮੈਂਟ ਲਈ  ਪ੍ਰੀਖਿਆ 16 ਅਗਸਤ ਤੋਂ 15 ਸਤੰਬਰ ਦਰਮਿਆਨ ਆਯੋਜਿਤ ਕੀਤੀ ਜਾਵੇਗੀ। ਤਾਰੀਖ਼ਾਂ ਦਾ ਐਲਾਨ ਕੁਝ ਸਮੇਂ ਵਿਚ ਕੀਤਾ ਜਾਵੇਗਾ। 

ਦਿਵਯਾਂਗ ਅਤੇ ਮਾਨਸਿਕ ਰੂਪ ਤੋਂ ਕਮਜ਼ੋਰ 53 ਵਿਦਿਆਰਥੀਆਂ ਨੇ 95 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ। ਵਿਦੇਸ਼ਾਂ ’ਚ ਸੀ. ਬੀ. ਐੱਸ. ਈ. ਤੋਂ ਮਾਨਤਾ ਪ੍ਰਾਪਤ ਸਕੂਲਾਂ ’ਚ 99.92 ਫ਼ੀਸਦੀ ਵਿਦਿਆਰਥੀ 10ਵੀਂ ਜਮਾਤ ’ਚੋਂ ਪਾਸ ਹੋਏ ਹਨ। ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿਚ 96.03 ਅਤੇ 95.88 ਫ਼ੀਸਦੀ ਵਿਦਿਆਰਥੀ ਪਾਸ ਹੋਏ। ਪ੍ਰਾਈਵੇਟ ਸਕੂਲਾਂ ਦੇ ਪਾਸ ਫ਼ੀਸਦੀ ਪਿਛਲੇ ਸਾਲ ਦੇ ਮੁਕਾਬਲੇ 6 ਫ਼ੀਸਦੀ ਤੋਂ ਵੱਧ ਦਾ ਵਾਧਾ ਦਰਜ ਹੋਇਆ ਹੈ।

ਦੱਸ ਦੇਈਏ ਕੋੋਵਿਡ-19 ਦੀ ਦੂਜੀ ਲਹਿਰ ਕਾਰਨ ਬੋਰਡ ਦੀਆਂ ਪ੍ਰੀਖਿਆਵਾਂ ਇਸ ਸਾਲ ਰੱਦ ਕਰ ਦਿੱਤੀਆਂ ਗਈਆਂ ਸਨ। ਸੀ. ਬੀ. ਐੱਸ. ਈ. ਨੇ ਵਿਦਿਆਰਥੀਆਂ ਦੇ ਨਤੀਜੇ ਅੰਦਰੂਨੀ ਮੁਲਾਂਕਣ ਨੀਤੀ ਦੇ ਆਧਾਰ ’ਤੇ ਤਿਆਰ ਕੀਤਾ ਹੈ। ਨੀਤੀ ਮੁਤਾਬਕ ਹਰੇਕ ਵਿਸ਼ੇ ਲਈ 20 ਅੰਕ ਅੰਦਰੂਨੀ ਮੁਲਾਂਕਣ ਦੇ ਆਧਾਰ ’ਤੇ, ਜਦਕਿ 80 ਅੰਕਾਂ ਦੀ ਗਣਨਾ ਪੂਰੇ ਸਾਲ ਵੱਖ-ਵੱਖ ਪ੍ਰੀਖਿਆਵਾਂ ’ਚ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੇ ਆਧਾਰ ’ਤੇ ਕੀਤੀ ਗਈ।


Tanu

Content Editor

Related News