CBI ਕਰੇਗੀ ਹਾਥਰਸ ਮਾਮਲੇ ਦੀ ਜਾਂਚ, ਸੀ.ਐੱਮ. ਯੋਗੀ ਨੇ ਦਿੱਤੇ ਆਦੇਸ਼

10/03/2020 9:06:32 PM

ਨਵੀਂ ਦਿੱਲੀ - ਉੱਤਰ ਪ੍ਰਦੇਸ਼ ਦੇ ਹਾਥਰਸ 'ਚ 19 ਸਾਲ ਦੀ ਦਲਿਤ ਕੁੜੀ ਨਾਲ ਕਥਿਤ ਗੈਂਗਰੇਪ ਅਤੇ ਹੱਤਿਆ  ਮਾਮਲੇ ਦੀ ਜਾਂਚ ਕੇਂਦਰੀ ਜਾਂਚ ਏਜੰਸੀ ਸੀ.ਬੀ.ਆਈ. ਕਰੇਗੀ। ਉੱਤਰ ਪ੍ਰਦੇਸ਼ ਦੇ ਸੀ.ਐੱਮ. ਯੋਗੀ  ਆਦਿਤਿਅਨਾਥ ਨੇ ਸ਼ਨੀਵਾਰ ਨੂੰ ਮਾਮਲੇ ਦੀ ਸੀ.ਬੀ.ਆਈ. ਜਾਂਚ ਲਈ ਕੇਂਦਰ ਨੂੰ ਸਿਫਾਰਿਸ਼ ਕੀਤੀ। ਇਸ ਨੂੰ ਲੈ ਕੇ ਉੱਤਰ ਪ੍ਰਦੇਸ਼ ਮੁੱਖ ਮੰਤਰੀ ਦਫ਼ਤਰ ਵਲੋਂ ਟਵੀਟ ਕਰ ਜਾਣਕਾਰੀ ਦਿੱਤੀ ਗਈ। ਜਿਸ 'ਚ ਸੀ.ਐੱਮ. ਯੋਗੀ ਨੇ ਹਾਥਰਸ ਗੈਂਗਰੇਪ ਮਾਮਲੇ ਦੀ ਸੀ.ਬੀ.ਆਈ. ਜਾਂਚ ਦੇ ਆਦੇਸ਼ ਦਿੱਤੇ ਹਨ।

ਡੀ.ਜੀ.ਪੀ. ਦੀ ਰਿਪੋਰਟ ਤੋਂ ਬਾਅਦ ਫੈਸਲਾ
ਸ਼ਨੀਵਾਰ ਨੂੰ ਵਧੀਕ ਮੁੱਖ ਸਕੱਤਰ ਗ੍ਰਹਿ ਅਵਨੀਸ਼ ਅਵਸਥੀ ਅਤੇ ਡੀ.ਜੀ.ਪੀ. ਐੱਚ.ਸੀ. ਅਵਸਥੀ ਹਾਥਰਸ ਪੁੱਜੇ ਸਨ। ਦੋਨਾਂ ਨੇ ਇੱਥੇ ਪਰਿਵਾਰ ਨਾਲ ਗੱਲ ਕੀਤੀ ਅਤੇ ਫਿਰ ਲਖਨਊ ਪਰਤ ਗਏ। ਲਖਨਊ ਪੁੱਜਦੇ ਹੀ ਵਧੀਕ ਮੁੱਖ ਸਕੱਤਰ ਗ੍ਰਹਿ ਅਵਨੀਸ਼ ਅਵਸਥੀ ਅਤੇ ਡੀ.ਜੀ.ਪੀ. ਐੱਚ.ਸੀ. ਅਵਸਥੀ ਨੇ ਸੀ.ਐੱਮ. ਯੋਗੀ ਨਾਲ ਮੁਲਾਕਾਤ ਕਰਕੇ ਮੌਜੂਦਾ ਹਾਲਾਤ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਸੀ.ਬੀ.ਆਈ. ਜਾਂਚ ਨੂੰ ਲੈ ਕੇ ਸਿਫਾਰਿਸ਼ ਯੂ.ਪੀ. ਸਰਕਾਰ ਨੇ ਕੀਤੀ ਹੈ।

ਇੱਕ ਦਿਨ ਪਹਿਲਾਂ ਐੱਸ.ਪੀ., ਡੀ.ਐੱਸ.ਪੀ. ਹੋਏ ਹਨ ਸਸਪੈਂਡ
ਹਾਥਰਸ 'ਚ ਦਲਿਤ ਕੁੜੀ ਨਾਲ ਦਰਿੰਦਗੀ ਅਤੇ ਹੱਤਿਆ ਮਾਮਲੇ 'ਚ ਉੱਤਰ ਪ੍ਰਦੇਸ਼ ਦੀ ਯੋਗੀ ਆਦਿਤਿਅਨਾਥ ਸਰਕਾਰ ਨੇ ਇੱਕ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਐੱਸ.ਪੀ. ਵਿਕ੍ਰਾਂਤ ਵੀਰ ਸਿੰਘ, ਸੀ.ਓ. ਰਾਮ ਸ਼ਬਦ, ਇੰਸਪੈਕਟਰ ਦਿਨੇਸ਼ ਕੁਮਾਰ ਵਰਮਾ, ਐੱਸ.ਆਈ. ਜਗਵੀਰ ਸਿੰਘ ਅਤੇ ਹੈੱਡ ਮੋਹਰਰ ਮਹੇਸ਼ ਪਾਲ ਨੂੰ ਮੁਅੱਤਲ ਕੀਤਾ ਹੈ।


Inder Prajapati

Content Editor

Related News