ਪੇਪਰ ਲੀਕ ਦੀ ਜਾਂਚ ਕਰਨ ਪਹੁੰਚੀ ਸੀ. ਬੀ. ਆਈ. ਦੀ ਟੀਮ ’ਤੇ ਹਮਲਾ, 4 ਗ੍ਰਿਫਤਾਰ

Monday, Jun 24, 2024 - 12:11 AM (IST)

ਪੇਪਰ ਲੀਕ ਦੀ ਜਾਂਚ ਕਰਨ ਪਹੁੰਚੀ ਸੀ. ਬੀ. ਆਈ. ਦੀ ਟੀਮ ’ਤੇ ਹਮਲਾ, 4 ਗ੍ਰਿਫਤਾਰ

ਨਵਾਦਾ, (ਯੂ. ਐੱਨ. ਆਈ.)- ਬਿਹਾਰ ਦੇ ਨਵਾਦਾ ਜ਼ਿਲੇ ’ਚ ਯੂ. ਜੀ. ਸੀ.-ਨੈੱਟ ਪ੍ਰੀਖਿਆ ਪੇਪਰ ਲੀਕ ਮਾਮਲੇ ਦੀ ਜਾਂਚ ਕਰਨ ਪਹੁੰਚੀ ਸੀ. ਬੀ. ਆਈ. ਦੀ ਟੀਮ ’ਤੇ ਪਿੰਡ ਵਾਸੀਆਂ ਨੇ ਹਮਲਾ ਕਰ ਦਿੱਤਾ।

ਦਿੱਲੀ ਤੋਂ ਆਈ ਸੀ. ਬੀ. ਆਈ. ਦੀ ਟੀਮ ਜਦੋਂ ਇਕ ਸ਼ੱਕੀ ਦੀ ਮੋਬਾਈਲ ਲੋਕੇਸ਼ਨ ਦੇ ਆਧਾਰ ’ਤੇ ਉਸ ਨੂੰ ਫੜਣ ਲਈ ਕਸਿਆਡੀਹ ਪਿੰਡ ਪਹੁੰਚੀ ਸੀ, ਤਾਂ ਪਿੰਡ ਵਾਸੀਆਂ ਨੇ ਸੀ. ਬੀ. ਆਈ. ਟੀਮ ਨੂੰ ਨਕਲੀ ਸਮਝ ਕੇ ਉਸ ’ਤੇ ਹਮਲਾ ਬੋਲ ਦਿੱਤਾ। ਪਿੰਡ ਵਾਸੀਆਂ ਨੇ ਸੀ. ਬੀ. ਆਈ. ਟੀਮ ਦੇ ਨਾਲ ਕੁੱਟਮਾਰ ਕੀਤੀ ਅਤੇ ਉਨ੍ਹਾਂ ਦੀਆਂ ਗੱਡੀਆਂ ’ਚ ਤੋੜਭੰਨ੍ਹ ਵੀ ਕੀਤੀ। ਪੁਲਸ ਨੇ ਇਸ ਮਾਮਲੇ ’ਚ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

ਦਿੱਲੀ ਤੋਂ ਆਈ ਸੀ. ਬੀ. ਆਈ. ਦੀ ਟੀਮ 18 ਜੂਨ ਨੂੰ ਹੋਈ ਯੂ. ਜੀ. ਸੀ.-ਨੈੱਟ ਪ੍ਰੀਖਿਆ ਦੇ ਪੇਪਰ ਲੀਕ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਂਚ ਦੌਰਾਨ ਇਕ ਸ਼ੱਕੀ ਦੀ ਮੋਬਾਈਲ ਲੋਕੇਸ਼ਨ ਨਵਾਦਾ ਜ਼ਿਲੇ ਦੇ ਰਜੌਲੀ ਥਾਣੇ ਅਧੀਨ ਪੈਂਦੇ ਕਸਿਆਡੀਹ ਪਿੰਡ ’ਚ ਮਿਲੀ। ਇਸ ਤੋਂ ਬਾਅਦ ਸੀ. ਬੀ. ਆਈ. ਦੀ ਟੀਮ ਉੱਥੇ ਪਹੁੰਚੀ। ਟੀਮ ’ਚ ਚਾਰ ਅਧਿਕਾਰੀ ਅਤੇ ਇਕ ਮਹਿਲਾ ਕਾਂਸਟੇਬਲ ਸ਼ਾਮਲ ਸੀ।

ਦੱਸਿਆ ਜਾਂਦਾ ਹੈ ਕਿ ਕੁਝ ਪਿੰਡ ਵਾਸੀਆਂ ਨੇ ਪਿੰਡ ’ਚ ਆਈ ਟੀਮ ਨੂੰ ਵੇਖ ਕੇ ਨਕਲੀ ਸੀ. ਬੀ. ਆਈ. ਹੋਣ ਦਾ ਦੋਸ਼ ਲਾਇਆ। ਇਸ ਤੋਂ ਬਾਅਦ ਹੀ ਪਿੰਡ ਵਾਸੀਆਂ ਨੇ ਸੀ. ਬੀ. ਆਈ. ਟੀਮ ’ਤੇ ਹਮਲਾ ਕਰ ਦਿੱਤਾ। ਪਿੰਡ ਵਾਸੀਆਂ ਦੇ ਹਮਲੇ ਤੋਂ ਘਬਰਾਈ ਸੀ. ਬੀ. ਆਈ. ਟੀਮ ਨੇ ਇਸ ਦੀ ਸੂਚਨਾ ਸਥਾਨਕ ਪੁਲਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਰਜੌਲੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਪਿੰਡ ਵਾਸੀਆਂ ਨੂੰ ਸ਼ਾਂਤ ਕਰਾਇਆ।

150-200 ਅਣਪਛਾਤੇ ਲੋਕਾਂ ’ਤੇ ਐੱਫ. ਆਈ. ਆਰ.

ਰਜੌਲੀ ਦੇ ਥਾਣਾ ਮੁਖੀ ਰਾਜੇਸ਼ ਕੁਮਾਰ ਅਨੁਸਾਰ, ਸੀ. ਬੀ. ਆਈ. ਟੀਮ ’ਤੇ ਹਮਲਾ ਕਰਨ ਦੇ ਦੋਸ਼ ’ਚ ਕਸਿਆਡੀਹ ਪਿੰਡ ਦੇ 8 ਨਾਮਜ਼ਦ ਅਤੇ 150-200 ਅਣਪਛਾਤੇ ਲੋਕਾਂ ਖਿਲਾਫ ਐੱਫ. ਆਈ. ਦਰਜ ਕੀਤੀ ਗਈ ਹੈ। ਇਸ ਮਾਮਲੇ ’ਚ ਹੁਣ ਤੱਕ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਲੋਕਾਂ ਦੀ ਪਛਾਣ ਰਾਧਾ ਕੁਮਾਰੀ ਉਰਫ ਮਧੂ ਪਤਨੀ ਫੂਲਚੰਦ ਪ੍ਰਸਾਦ, ਪ੍ਰਿੰਸ ਕੁਮਾਰ ਪੁੱਤਰ ਸ਼ਰਵਣ ਕੁਮਾਰ, ਚੁਨਚੁਨ ਕੁਮਾਰ ਪੁੱਤਰ ਲਲਨ ਕੁਮਾਰ ਅਤੇ ਅਮਰਜੀਤ ਕੁਮਾਰ ਪੁੱਤਰ ਰਾਜੇਂਦਰ ਪ੍ਰਸਾਦ ਦੇ ਰੂਪ ’ਚ ਕੀਤੀ ਗਈ ਹੈ।


author

Rakesh

Content Editor

Related News