CBI ਨੇ ਜੰਮੂ ਕਸ਼ਮੀਰ ਦੇ ਸਾਬਕਾ ਉੱਪ ਰਾਜਪਾਲ ਦੇ ਦੋਸ਼ਾਂ ''ਤੇ 2 FIR ਕੀਤੀਆਂ ਦਰਜ

04/22/2022 11:17:23 AM

ਨਵੀਂ ਦਿੱਲੀ/ਜੰਮੂ (ਭਾਸ਼ਾ)- ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਜੰਮੂ ਕਸ਼ਮੀਰ ਕਰਮਚਾਰੀ ਸਿਹਤ ਦੇਖਭਾਲ ਯੋਜਨਾ ਅਤੇ ਕੁਰੂ ਹਾਈਡ੍ਰੋਇਲੈਕਟ੍ਰਿਕ ਪ੍ਰਾਜੈਕਟ ਦੇ ਕੰਮ ਲਈ ਠੇਕਾ ਦੇਣ 'ਚ ਭ੍ਰਿਸ਼ਟਾਚਾਰ ਦੇ ਸੰਬੰਧ 'ਚ 2 ਐੱਫ.ਆਈ.ਆਰ. ਦਰਜ ਕੀਤੀਆਂ ਹਨ। ਸਾਬਕਾ ਉੱਪ ਰਾਜਪਾਲ ਸੱਤਿਆਪਾਲ ਮਲਿਕ ਨੇ ਇਨ੍ਹਾਂ 'ਚ ਭ੍ਰਿਸ਼ਟਾਚਾਰ ਦਾ ਦੋਸ਼ ਲਗਾਇਆ ਸੀ। ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਏਜੰਸੀ ਨੇ ਐੱਫ.ਆਈ.ਆਰ. ਦਰਜ ਕਰਨ ਤੋਂ ਬਾਅਦ ਜੰਮੂ, ਸ਼੍ਰੀਨਗਰ, ਦਿੱਲੀ, ਮੁੰਬਈ, ਨੋਇਡਾ, ਕੇਰਲ 'ਚ ਤ੍ਰਿਵੇਂਦਰਮ ਅਤੇ ਬਿਹਾਰ ਦੇ ਦਰਭੰਗਾ 'ਚ 14 ਥਾਂਵਾਂ 'ਤੇ ਦੋਸ਼ੀਆਂ ਦੇ ਟਿਕਾਣਿਆਂ ਦੀ ਤਲਾਸ਼ੀ ਲਈ। ਅਧਿਕਾਰੀਆਂ ਨੇ ਦੱਸਿਆ ਕਿ ਸੀ.ਬੀ.ਆਈ. ਨੇ ਜੰਮੂ ਕਸ਼ਮੀਰ ਕਰਮਚਾਰੀ ਸਿਹਤ ਦੇਖਭਾਲ ਬੀਮਾ ਯੋਜਨਾ ਦਾ ਠੇਕਾ ਰਿਲਾਇੰਸ ਜਨਰਲ ਬੀਮਾ ਕੰਪਨੀ ਨੂੰ ਦੇਣ ਅਤੇ 2017-18 'ਚ ਕਰੀਬ 60 ਕਰੋੜ ਰੁਪਏ ਜਾਰੀ ਕਰਨ 'ਚ ਭ੍ਰਿਸ਼ਟਾਚਾਰ ਦੇ ਸੰਬੰਧ 'ਚ ਐੱਫ.ਆਈ.ਆਰ. ਦਰਜ ਕੀਤੀਆਂ ਹਨ। ਦੂਜੀ ਐੱਫ.ਆਈ.ਆਰ. ਕੁਰੂ ਹਾਈਡ੍ਰੋਇਲੈਕਟ੍ਰਿਕ ਪਾਵਰ ਪ੍ਰਾਜੈਕਟ (ਐੱਚ.ਈ.ਪੀ.) ਦੇ ਸਿਵਲ ਕੰਮ ਦੇ 2,200 ਕਰੋੜ ਰੁਪਏ ਦਾ ਠੇਕਾ 2019 'ਚ ਇਕ ਨਿੱਜੀ ਕੰਪਨੀ ਨੂੰ ਦੇਣ 'ਚ ਭ੍ਰਿਸ਼ਟਾਚਾਰ ਨਾਲ ਸੰਬੰਧਤ ਹੈ।

ਦੱਸਣਯੋਗ ਹੈ ਕਿ ਮਲਿਕ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਪ੍ਰਾਜੈਕਟਾਂ ਨਾਲ ਸੰਬੰਧਤ 2 ਫਾਈਲਾਂ ਪਾਸ ਕਰਨ ਲਈ 300 ਕਰੋੜ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕੀਤੀ ਗਈ ਸੀ। ਮਲਿਕ ਨੇ ਕਿਹਾ ਸੀ ਕਿ ਕਸ਼ਮੀਰ ਜਾਣ ਤੋਂ ਬਾਅਦ ਮੇਰੇ ਕੋਲ ਮਨਜ਼ੂਰੀ ਦੀਆਂ 2 ਫਾਈਲਾਂ ਆਈਆਂ, ਜਿਨ੍ਹਾਂ 'ਚੋਂ ਇਕ ਫਾਈਲ ਅੰਬਾਨੀ ਅਤੇ ਦੂਜੀ ਰਾਸ਼ਟਰੀ ਸਵੈਮ ਸੇਵਕ ਨਾਲ ਸੰਬੰਧਤ ਇਕ ਵਿਅਕਤੀ ਦੀ ਸੀ, ਜੋ ਸਾਬਕਾ ਮਹਿਬੂਬਾ ਮੁਫ਼ੀ ਦੀ ਅਗਵਾਈ (ਪੀ.ਡੀ.ਪੀ.-ਭਾਜਪਾ ਗਠਜੋੜ) ਸਰਕਾਰ 'ਚ ਮੰਤਰੀ ਸੀ ਅਤੇ ਪ੍ਰਧਾਨ ਮੰਤਰੀ ਦਾ ਬੇਹੱਦ ਕਰੀਬੀ ਹੋਣ ਦਾ ਦਾਅਵਾ ਕਰਦਾ ਸੀ। ਮਲਿਕ ਨੇ ਕਿਹਾ ਕਿ ਪਿਛਲੇ ਸਾਲ ਅਕਤੂਬਰ 'ਚ ਰਾਜਸਥਾਨ ਦੇ ਝੁੰਝੁਨੂੰ 'ਚ ਇਕ ਪ੍ਰੋਗਰਾਮ 'ਚ ਕਿਹਾ ਸੀ,''ਮੈਨੂੰ ਦੋਵੇਂ ਵਿਭਾਗਾਂ ਦੇ ਸਕੱਤਰਾਂ ਨੇ ਸੂਚਿਤ ਕੀਤਾ ਕਿ ਇਸ 'ਚ ਘਪਲਾ ਹੈ ਅਤੇ ਫਿਰ ਮੈਂ ਦੋਵੇਂ ਸੌਦੇ ਰੱਦ ਕਰ ਦਿੱਤੇ। ਸਕੱਤਰਾਂ ਨੇ ਮੈਨੂੰ ਕਿਹਾ ਕਿ 'ਤੁਹਾਨੂੰ ਫਾਈਲਾਂ ਨੂੰ ਮਨਜ਼ੂਰੀ ਦੇਣ ਲਈ ਹਰੇਕ ਫਾਈਲ 'ਤੇ 150 ਕਰੋੜ ਰੁਪਏ ਮਿਲਣਗੇ' ਪਰ ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ 5 ਕੁੜਤੇ-ਪਜਾਮੇ ਲੈ ਕੇ ਆਇਆ ਹਾਂ ਅਤੇ ਉਨ੍ਹਾਂ ਨਾਲ ਜਾਵਾਂਗਾ।''


DIsha

Content Editor

Related News