CBI ਨੇ ਬਾਲਾਸੋਰ ਰੇਲ ਦੁਰਘਟਨਾ ਮਾਮਲੇ ਦੀ ਜਾਂਚ ਆਪਣੇ ਹੱਥਾਂ ''ਚ ਲਈ, ਦਰਜ ਕੀਤੀ FIR
06/06/2023 6:16:29 PM

ਨਵੀਂ ਦਿੱਲੀ- ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ. ਨੇ ਬਾਲਾਸੋਰ ਰੇਲ ਦੁਰਘਟਨਾ ਮਾਮਲੇ 'ਚ ਮੰਗਲਵਾਰ ਨੂੰ ਐੱਫ.ਆਈ.ਆਰ. ਦਰਜ ਕਰਨ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਫੋਰੈਂਸਿਕ ਮਾਹਿਰਾਂ ਦੇ ਨਾਲ ਸੀ.ਬੀ.ਆਈ. ਅਧਿਕਾਰੀਆਂ ਦੀ ਇਕ ਟੀਮ ਓਡੀਸ਼ਾ ਦੇ ਬਾਲਾਸੋਰ ਜ਼ਿਲੇ 'ਚ ਪਹੁੰਚ ਗਈ ਹੈ ਅਤੇ ਮੰਗਲਵਾਰ ਦੁਪਹਿਰ ਨੂੰ ਐੱਫ.ਆਈ.ਆਰ. ਦਰਜ ਕਰਨ ਦੇ ਤੁਰੰਤ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ।
ਅਧਿਕਾਰੀਆਂ ਨੂੰ ਸ਼ੁਰੂਆਤੀ ਜਾਂਚ 'ਚ 'ਇਲੈਕਟ੍ਰੋਨਿਕ ਇੰਟਰਲਾਕਿੰਗ ਸਿਸਟਮ' ਦੇ ਨਾਲ ਛੇੜਛਾੜ ਦਾ ਸੰਕੇਤ ਮਿਲਣ ਅਤੇ ਦੁਰਘਟਨਾ ਦੇ ਪਿੱਛੇ 'ਭੰਨ-ਤੋੜ' ਦਾ ਖਦਸ਼ਾ ਜਤਾਏ ਜਾਣ ਤੋਂ ਬਾਅਦ ਕੇਂਦਰੀ ਜਾਂਚ ਏਜੰਸੀ ਨੂੰ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਗਈ। 'ਇਲੈਕਟ੍ਰੋਨਿਕ ਇੰਟਰਲਾਕਿੰਗ ਸਿਸਟਮ' ਰਾਹੀਂ ਰੇਲ ਦੀ ਮੌਜੂਦਗੀ ਦਾ ਪਤਾ ਲਗਦਾ ਹੈ।
ਸੀ.ਬੀ.ਆਈ. ਦੇ ਬੁਲਾਰੇ ਨੇ ਕਿਹਾ ਕਿ ਸੀ.ਬੀ.ਆਈ. ਨੇ 2 ਜੂਨ ਨੂੰ ਓਡੀਸ਼ਾ ਦੇ ਬਹਾਨਗਾ ਬਾਜ਼ਾਰ ਵਿਚ ਕੋਰੋਮੰਡਲ ਐਕਸਪ੍ਰੈਸ, ਯਸਵੰਤਪੁਰ-ਹਾਵੜਾ ਐਕਸਪ੍ਰੈਸ ਅਤੇ ਇਕ ਮਾਲ ਰੇਲਗੱਡੀ ਨਾਲ ਜੁੜੇ ਹਾਦਸੇ ਨੂੰ ਲੈ ਕੇ ਰੇਲ ਮੰਤਰਾਲਾ ਦੀ ਅਪੀਲ, ਓਡੀਸ਼ਾ ਸਰਕਾਰ ਦੀ ਸਹਿਮਤੀ ਅਤੇ ਫਿਰ ਪਰਸੋਨਲ ਐਂਡ ਟਰੇਨਿੰਗ ਵਿਭਾਗ (ਡੀ.ਓ.ਪੀ.ਟੀ.), ਭਾਰਤ ਸਰਕਾਰ ਦੇ ਆਦੇਸ਼ 'ਤੇ ਮਾਮਲਾ ਦਰਜ ਕੀਤਾ ਹੈ।
ਅਧਿਕਾਰੀਆਂ ਨੇ ਕਿਹਾ ਕਿ ਏਜੰਸੀ ਨੂੰ ਮਾਮਲੇ ਦੀ ਤਹਿ ਤਕ ਜਾਣ ਲਈ ਰੇਲ ਸੁਰੱਖਿਆ ਅਤੇ ਫੋਰੈਂਸਿਕ ਮਾਹਿਰਾਂ ਦੀ ਮਦਦ ਦੀ ਲੋੜ ਹੋ ਸਕਦੀ ਹੈ ਕਿਉਂਕਿ ਉਸ ਕੋਲ ਰੇਲਵੇ ਦੇ ਕੰਮਕਾਜ ਸਬੰਧੀ ਬਹੁਤ ਘੱਟ ਮੁਹਾਰਤ ਹੈ।
ਪ੍ਰਕਿਰਿਆ ਦਾ ਪਾਲਣ ਕਰਦੇ ਹੋਏ, ਕੇਂਦਰੀ ਏਜੰਸੀ ਨੇ 3 ਜੂਨ ਨੂੰ ਬਾਲਾਸੋਰ ਸਰਕਾਰੀ ਰੇਲਵੇ ਪੁਲਿਸ (ਜੀ.ਆਰ.ਪੀ.) ਦੁਆਰਾ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 337, 338, 304ਏ (ਲਾਪਰਵਾਹੀ ਨਾਲ ਮੌਤ ਦਾ ਕਾਰਨ ਬਣਨਾ) ਅਤੇ 34 (ਆਮ ਇਰਾਦਾ) ਅਤੇ ਰੇਲਵੇ ਐਕਟ ਦੀ ਧਾਰਾ 153 (ਰੇਲਵੇ ਯਾਤਰੀਆਂ ਦੀ ਜਾਨ ਨੂੰ ਖਤਰੇ ਵਿਚ ਪਾਉਣ ਵਾਲਾ ਕੰਮ), 154 ਅਤੇ 175 (ਜਾਨ ਨੂੰ ਖ਼ਤਰਾ ਵਿਚ ਪਾਉਣਾ) ਦੇ ਤਹਿਤ ਦਰਜ ਐੱਫ.ਆਈ.ਆਰ. ਦੇ ਸਿਲਸਿਲੇ 'ਚ ਜਾਂਚ ਦੀ ਜ਼ਿੰਮੇਵਾਰੀ ਆਪਣਏ ਹੱਥ 'ਚ ਲੈ ਲਈ।