ਦੇਸ਼ ਭਰ ’ਚ 42 ਥਾਵਾਂ ’ਤੇ CBI ਤੇ ED ਵਲੋਂ ਛਾਪੇ, 2 ਰਾਈਫਲਾਂ, 2 ਮੈਗਜ਼ੀਨ ਤੇ 60 ਜ਼ਿੰਦਾ ਕਾਰਤੂਸ ਬਰਾਮਦ

Thursday, Aug 25, 2022 - 11:22 AM (IST)

ਦੇਸ਼ ਭਰ ’ਚ 42 ਥਾਵਾਂ ’ਤੇ CBI ਤੇ ED ਵਲੋਂ ਛਾਪੇ, 2 ਰਾਈਫਲਾਂ, 2 ਮੈਗਜ਼ੀਨ ਤੇ 60 ਜ਼ਿੰਦਾ ਕਾਰਤੂਸ ਬਰਾਮਦ

ਪਟਨਾ/ਨਵੀਂ ਦਿੱਲੀ– ਸੀ. ਬੀ. ਆਈ. ਅਤੇ ਈ. ਡੀ. ਦੀਆਂ ਟੀਮਾਂ ਨੇ ਬੁੱਧਵਾਰ ਦੇਸ਼ ਭਰ ’ਚ 42 ਥਾਵਾਂ ’ਤੇ ਛਾਪੇਮਾਰੀ ਕੀਤੀ। ਸੀ. ਬੀ. ਆਈ. ਦੀ ਟੀਮ ਨੇ ਬਿਹਾਰ ’ਚ ਆਰ.ਜੇ.ਡੀ. ਦੇ 6 ਨੇਤਾਵਾਂ ਸਮੇਤ 25 ਟਿਕਾਣਿਆਂ ’ਤੇ ਛਾਪੇ ਮਾਰੇ। ਇਨ੍ਹਾਂ ਵਿੱਚ ਰਾਸ਼ਟਰੀ ਜਨਤਾ ਦਲ ਦੇ ਦੋ ਰਾਜ ਸਭਾ ਮੈਂਬਰ, ਇੱਕ ਸਾਬਕਾ ਵਿਧਾਇਕ ਅਤੇ ਪਾਰਟੀ ਦੇ ਫਾਇਨਾਂਸਰ ਅਬੂ ਦੋਜਾਨਾ ਸ਼ਾਮਲ ਹਨ।

ਇੱਕ ਟੀਮ ਗੁਰੂਗ੍ਰਾਮ ਦੇ ਇੱਕ ਮਾਲ ਵਿੱਚ ਵੀ ਪਹੁੰਚੀ। ਸੀ. ਬੀ. ਆਈ. ਦੇ ਸੂਤਰਾਂ ਦਾ ਕਹਿਣਾ ਹੈ ਕਿ ਇਹ ਮਾਲ ਤੇਜਸਵੀ ਯਾਦਵ ਦਾ ਹੈ ਜਿਸ ਨੂੰ ਦੋਜਾਨਾ ਦੀ ਕੰਪਨੀ ਬਣਾ ਰਹੀ ਹੈ। ਡਿਪਟੀ ਸੀ. ਐਮ. ਤੇਜਸਵੀ ਨੇ ਵਿਧਾਨ ਸਭਾ ਵਿੱਚ ਕਿਹਾ ਕਿ ਮੇਰੇ ਕੋਲ ਕੋਈ ਮਾਲ ਨਹੀਂ ਹੈ। ਇਸ ਦਾ ਉਦਘਾਟਨ ਭਾਜਪਾ ਦੇ ਇੱਕ ਸੰਸਦ ਮੈਂਬਰ ਨੇ ਕੀਤਾ ਸੀ।

ਇਨ੍ਹਾਂ ਤੋਂ ਇਲਾਵਾ ਲਾਲੂ ਯਾਦਵ ਦੇ ਕਰੀਬੀ ਅਤੇ ਰੇਤ ਮਾਫੀਆ ਸੁਭਾਸ਼ ਯਾਦਵ ਦੇ ਘਰ ਵੀ ਛਾਪੇਮਾਰੀ ਕੀਤੀ ਗਈ। ਇਹ ਮਾਮਲਾ ਰੇਲਵੇ ਵਿੱਚ ਜ਼ਮੀਨ ਦੇ ਬਦਲੇ ਰੁਜ਼ਗਾਰ ਘਪਲੇ ਨਾਲ ਸਬੰਧਤ ਹੈ। ਆਰ. ਜੇ.ਡੀ. ਨੇ ਬਿਹਾਰ ਵਿੱਚ ਫਲੋਰ ਟੈਸਟ ਤੋਂ ਠੀਕ ਪਹਿਲਾਂ ਇਨ੍ਹਾਂ ਛਾਪਿਆਂ ਨੂੰ ਬਦਲੇ ਦੀ ਕਾਰਵਾਈ ਦੱਸਿਆ ਹੈ।

ਜ਼ਿਕਰਯੋਗ ਹੈ ਕਿ ਸੀ. ਬੀ. ਆਈ. ਨੇ ਨੌਕਰੀ ਦੇ ਬਦਲੇ ਜ਼ਮੀਨ ਘਪਲੇ ਦੇ ਮਾਮਲੇ ’ਚ ਸਾਬਕਾ ਰੇਲ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਕੌਮੀ ਪ੍ਰਧਾਨ ਲਾਲੂ ਪ੍ਰਸਾਦ ਯਾਦਵ, ਉਨ੍ਹਾਂ ਦੀ ਪਤਨੀ ਅਤੇ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ, ਦੋ ਧੀਆਂ, ਇੱਕ ਨੌਕਰਸ਼ਾਹ ਅਤੇ ਕੁਝ ਹੋਰ ਵਿਅਕਤੀਆਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਸੀ।

ਦੂਜੇ ਪਾਸੇ ਈ. ਡੀ. ਦੀ ਮਾਈਨਿੰਗ ਘਪਲੇ ’ਚ ਕਾਰਵਾਈ ਝਾਰਖੰਡ ਦੇ ਰਾਂਚੀ, ਦਿੱਲੀ ਅਤੇ ਤਾਮਿਲਨਾਡੂ ’ਚ 17 ਥਾਵਾਂ ’ਤੇ ਬੁੱਧਵਾਰ ਰਾਤ ਤੱਕ ਜਾਰੀ ਸੀ। ਝਾਰਖੰਡ ਦੇ ਸੀ.ਐਮ . ਹੇਮੰਤ ਸੋਰੇਨ ਦੇ ਕਰੀਬੀ ਪ੍ਰੇਮ ਪ੍ਰਕਾਸ਼ ਦੇ ਟਿਕਾਣਿਆਂ ’ਤੇ ਈ. ਡੀ. ਜਾਂਚ ਕਰ ਰਹੀ ਹੈ।

ਈ. ਡੀ. ਨੇ ਰਾਂਚੀ ਦੇ ਇੱਕ ਘਰ ਤੋਂ ਦੋ ਏ.ਕੇ.-47 ਰਾਈਫਲਾਂ, 2 ਮੈਗਜ਼ੀਨ ਅਤੇ 60 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਸੂਤਰਾਂ ਨੇ ਘਰ ਦੇ ਮਾਲਿਕ ਦੀ ਪਛਾਣ ਪ੍ਰੇਮ ਪ੍ਰਕਾਸ਼ ਨਾਂ ਦੇ ਵਿਅਕਤੀ ਵਜੋਂ ਕੀਤੀ ਹੈ, ਜੋ ਇਸ ਕੇਸ ਵਿੱਚ ਸ਼ਾਮਲ ਦੱਸਿਆ ਜਾਂਦਾ ਹੈ। ਸੰਘੀ ਜਾਂਚ ਏਜੰਸੀ ਇਸ ਕਾਰਵਾਈ ਦੇ ਹਿੱਸੇ ਵਜੋਂ ਝਾਰਖੰਡ, ਗੁਆਂਢੀ ਸੂਬੇ ਬਿਹਾਰ, ਤਾਮਿਲਨਾਡੂ ਅਤੇ ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ (ਐਨ. ਸੀ. ਆਰ.) ਵਿੱਚ ਲਗਭਗ 17-20 ਟਿਕਾਣਿਆਂ 'ਤੇ ਛਾਪੇਮਾਰੀ ਕਰ ਰਹੀ ਹੈ।

ਗੋਂਡਾ ਤੋਂ ਭਾਜਪਾ ਦੇ ਸੰਸਦ ਮੈਂਬਰ ਨਿਸ਼ੀ ਕਾਂਤ ਦੂਬੇ ਨੇ ਇੱਕ ਟਵੀਟ ਵਿੱਚ ਕਿਹਾ ਕਿ ਪ੍ਰੇਮ ਪ੍ਰਕਾਸ਼ ਝਾਰਖੰਡ ਦੇ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰਕ ਮਿੱਤਰ ਅਮਿਤ ਅਗਰਵਾਲ ਦਾ ਸਹਿਯੋਗੀ ਹੈ। ਪ੍ਰਕਾਸ਼ ਦੇ ਸਬੰਧਾਂ ਦੀ ਰਾਸ਼ਟਰੀ ਜਾਂਚ ਏਜੰਸੀ ਤੋਂ ਜਾਂਚ ਹੋਣੀ ਚਾਹੀਦੀ ਹੈ।

ਭਾਜਪਾ ਦੇ ਸਾਬਕਾ ਨੇਤਾ ਅਤੇ ਮੌਜੂਦਾ ਆਜ਼ਾਦ ਵਿਧਾਇਕ ਸਰਯੂ ਰਾਏ ਨੇ ਆਪਣੇ ਟਵਿੱਟਰ ਹੈਂਡਲ ’ਤੇ ਲਿਖਿਆ ਕਿ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਪ੍ਰੇਮ ਪ੍ਰਕਾਸ਼ ਨੇ ਏ. ਕੇ.-47 ਰਾਈਫਲਾਂ ਕਿਵੇਂ ਪ੍ਰਾਪਤ ਕੀਤੀਆਂ ? ਇਸ ਗੱਲ ਦੀ ਸੰਭਾਵਨਾ ਹੈ ਕਿ ਇਸ ਦਾ ਅੱਤਵਾਦੀ ਲਿੰਕ ਹੋ ਸਕਦਾ ਹੈ।


author

Rakesh

Content Editor

Related News