ਸਟਿੰਗ ਆਪ੍ਰੇਸ਼ਨ ਮਾਮਲੇ ’ਚ CBI ਅਦਾਲਤ ਦਾ ਹੁਕਮ, ਹਰੀਸ਼ ਰਾਵਤ, 3 ਹੋਰਨਾਂ ਨੂੰ ਦੇਣਾ ਪਵੇਗਾ ‘ਵਾਇਸ ਸੈਂਪਲ’
Wednesday, Jul 19, 2023 - 01:32 PM (IST)
ਦੇਹਰਾਦੂਨ, (ਭਾਸ਼ਾ)- ਸਾਲ 2016 ਦੇ ‘ਸਟਿੰਗ ਆਪ੍ਰੇਸ਼ਨ’ ਮਾਮਲੇ ’ਚ ਵਿਸ਼ੇਸ਼ ਸੀ. ਬੀ. ਆਈ. (ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ) ਅਦਾਲਤ ਨੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਸਮੇਤ 4 ਨੇਤਾਵਾਂ ਨੂੰ ਆਪਣੇ ਵਾਇਸ ਸੈਂਪਲ (ਆਵਾਜ਼ ਦੇ ਨਮੂਨੇ) ਦੇਣ ਦੇ ਹੁਕਮ ਦਿੱਤੇ ਹਨ।
ਵਿਸ਼ੇਸ਼ ਜੱਜ, ਸੀ. ਬੀ. ਆਈ. ਧਰਮਿੰਦਰ ਅਧਿਕਾਰੀ ਨੇ ਸੀਨੀਅਰ ਕਾਂਗਰਸੀ ਆਗੂ ਰਾਵਤ, ਸੂਬੇ ਦੇ ਸਾਬਕਾ ਕੈਬਨਿਟ ਮੰਤਰੀ ਹਰਕ ਸਿੰਘ ਰਾਵਤ, ਦਵਾਰਾਹਾਟ ਤੋਂ ਕਾਂਗਰਸੀ ਵਿਧਾਇਕ ਮਦਨ ਬਿਸ਼ਟ ਅਤੇ ਸਟਿੰਗ ਕਰਨ ਵਾਲੇ ਪੱਤਰਕਾਰ ਅਤੇ ਹੁਣ ਖਾਨਪੁਰ ਤੋਂ ਆਜ਼ਾਦ ਵਿਧਾਇਕ ਉਮੇਸ਼ ਸ਼ਰਮਾ ਨੂੰ ਆਪਣੀ ਆਵਾਜ਼ ਦੇ ਨਮੂਨੇ ਦੇਣ ਦੇ ਹੁਕਮ ਦਿੱਤੇ ਹਨ।
ਆਵਾਜ਼ ਦੇ ਨਮੂਨੇ ਕਦੋਂ ਅਤੇ ਕਿੱਥੇ ਲਏ ਜਾਣਗੇ, ਇਸ ਬਾਰੇ ਸੀ. ਬੀ. ਆਈ. ਇਨ੍ਹਾਂ ਆਗੂਆਂ ਨੂੰ ਵੱਖਰਾ ਨੋਟਿਸ ਜਾਰੀ ਕਰੇਗੀ। ਸਾਲ 2016 ’ਚ ਕਾਂਗਰਸ ਦੇ 10 ਵਿਧਾਇਕਾਂ ਨੇ ਹਰੀਸ਼ ਰਾਵਤ ਦੀ ਅਗਵਾਈ ਵਾਲੀ ਸਰਕਾਰ ਖਿਲਾਫ ਬਗਾਵਤ ਕਰ ਕੇ ਭਾਜਪਾ ਨਾਲ ਹੱਥ ਮਿਲਾ ਲਿਆ ਸੀ, ਜਿਸ ਤੋਂ ਬਾਅਦ ਇਹ ‘ਸਟਿੰਗ ਆਪ੍ਰੇਸ਼ਨ’ ਸਾਹਮਣੇ ਆਇਆ ਸੀ। ਇਸ ਸਟਿੰਗ ਸੁਣੀਆਂ ਦੇ ਰਹੀਆਂ ਆਵਾਜ਼ਾਂ ਦੇ ਮਿਲਾਨ ਲਈ ਸੀ. ਬੀ. ਆਈ. ਨੇ ਅਦਾਲਤ ਤੋਂ ਇਜਾਜ਼ਤ ਮੰਗੀ ਸੀ।
ਸਟਿੰਗ ਦੇ ਇਸ ਵੀਡੀਓ ’ਚ ਰਾਵਤ ਨੂੰ ਕਥਿਤ ਤੌਰ ’ਤੇ ਆਪਣੀ ਸਰਕਾਰ ਨੂੰ ਬਚਾਉਣ ਲਈ ਅਸੰਤੁਸ਼ਟ ਵਿਧਾਇਕਾਂ ਦਾ ਸਮਰਥਨ ਦੁਬਾਰਾ ਹਾਸਲ ਕਰ ਕੇ ਸੱਤਾ ’ਚ ਬਣੇ ਰਹਿਣ ਲਈ ਸੌਦੇਬਾਜ਼ੀ ਕਰਦੇ ਨਜ਼ਰ ਆ ਰਹੇ ਸਨ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪਹਿਲਾਂ ਤੋਂ ਹੀ ਅਸਥਿਰ ਸੂਬੇ ਦੀ ਰਾਜਨੀਤੀ ਵਿਚ ਭੂਚਾਲ ਆ ਗਿਆ ਸੀ। ਉਸ ਸਮੇਂ ਕਾਂਗਰਸੀ ਵਿਧਾਇਕਾਂ ਦੀ ਬਗਾਵਤ ਤੋਂ ਬਾਅਦ ਪੈਦਾ ਹੋਏ ਹਾਲਾਤਾਂ ਕਾਰਨ ਸੂਬੇ ਵਿਚ ਰਾਸ਼ਟਰਪਤੀ ਰਾਜ ਲਗਾਇਆ ਗਿਆ ਸੀ। ਹਾਲਾਂਕਿ, ਸੁਪਰੀਮ ਕੋਰਟ ਦੇ ਆਦੇਸ਼ਾਂ ’ਤੇ ਵਿਧਾਨ ਸਭਾ ਵਿਚ ਹੋਏ ਸ਼ਕਤੀ ਪ੍ਰੀਖਣ ਵਿਚ ਬਹੁਮਤ ਹਾਸਲ ਕਰ ਕੇ ਰਾਵਤ ਸਰਕਾਰ ਫਿਰ ਬਹਾਲ ਹੋ ਗਈ ਸੀ।