ਸਰਕਾਰੀ ਅਧਿਕਾਰੀ ਦੇ ਘਰ ’ਚੋਂ ਮਿਲਿਆ ਕੈਸ਼ ਤੇ 1.5 ਕਰੋੜ ਦੇ ਗਹਿਣੇ

Wednesday, Sep 17, 2025 - 04:22 AM (IST)

ਸਰਕਾਰੀ ਅਧਿਕਾਰੀ ਦੇ ਘਰ ’ਚੋਂ ਮਿਲਿਆ ਕੈਸ਼ ਤੇ 1.5 ਕਰੋੜ ਦੇ ਗਹਿਣੇ

ਗੁਹਾਟੀ (ਭਾਸ਼ਾ) – ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਮੰਗਲਵਾਰ ਨੂੰ ਕਿਹਾ ਕਿ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਗ੍ਰਿਫਤਾਰ ਅਸਮ ਸਿਵਲ ਸੇਵਾ (ਏ. ਸੀ. ਐੱਸ.) ਅਧਿਕਾਰੀ ਨੇ ਆਪਣੀ ਆਮਦਨ ਦੇ ਜਾਣੂ ਸੋਮਿਆਂ ਨਾਲੋਂ 400 ਗੁਣਾ ਵੱਧ ਜਾਇਦਾਦ ਇਕੱਠੀ ਕੀਤੀ ਹੈ। ਸਰਮਾ ਨੇ ਕਿਹਾ ਕਿ ਅਧਿਕਾਰੀ ਨੂੰ ਕਾਨੂੰਨ ਮੁਤਾਬਕ ਜਵਾਬਦੇਹ ਬਣਾਉਣ ਲਈ ਮੁਅੱਤਲੀ ਜਾਂ ਨੌਕਰੀ ਤੋਂ ਬਰਖਾਸਤਗੀ ਹੀ ਕਾਫੀ ਨਹੀਂ ਹੈ, ਉਸ ਖਿਲਾਫ ਸਜ਼ਾ ਦੇ ਉਪਾਅ ਕੀਤੇ ਜਾ ਰਹੇ ਹਨ।

ਏ. ਸੀ. ਐੱਸ. ਅਧਿਕਾਰੀ ਨੂਪੁਰ ਬੋਰਾ ਨੂੰ ਮੁੱਖ ਮੰਤਰੀ ਦੇ ਵਿਸ਼ੇਸ਼ ਚੌਕਸੀ ਸੈੱਲ ਨੇ ਗ੍ਰਿਫਤਾਰ ਕੀਤਾ ਹੈ। ਉਸ ਦੇ ਘਰਾਂ ’ਤੇ ਸੋਮਵਾਰ ਨੂੰ ਛਾਪੇਮਾਰੀ ਵਿਚ 92 ਲੱਖ ਰੁਪਏ ਦੀ ਨਕਦੀ ਅਤੇ ਲੱਗਭਗ 1.5 ਕਰੋੜ ਰੁਪਏ ਮੁੱਲ ਦੇ ਗਹਿਣੇ ਬਰਾਮਦ ਹੋਏ। ਗ੍ਰਿਫਤਾਰੀ ਦੇ ਸਮੇਂ ਬੋਰਾ ਕਾਮਰੂਪ ਜ਼ਿਲੇ ਦੇ ਗੋਰਾਈਮਾਰੀ ਵਿਚ ਸਰਕਲ ਅਫਸਰ ਦੇ ਅਹੁਦੇ ’ਤੇ ਤਾਇਨਾਤ ਸੀ।

ਸਰਮਾ ਨੇ ਕਿਹਾ ਕਿ ਮੇਰੀ ਜਨਤਾ ਨੂੰ ਬੇਨਤੀ ਹੈ ਕਿ ਉਹ ਚੌਕਸ ਰਹਿਣ ਅਤੇ ਜੇਕਰ ਕੋਈ ਅਧਿਕਾਰੀ ਰਿਸ਼ਵਤ ਮੰਗਦਾ ਹੈ ਤਾਂ ਸਾਨੂੰ ਸੂਚਿਤ ਕਰੋ। ਉਨ੍ਹਾਂ ਕਿਹਾ ਕਿ ਬੋਰਾ ’ਤੇ ਪਿਛਲੇ 6 ਮਹੀਨਿਆਂ ਤੋਂ ਨਜ਼ਰ ਰੱਖੀ ਜਾ ਰਹੀ ਸੀ ਜਦੋਂ ਉਸ ਨੇ ਬਾਰਪੇਟਾ ਵਿਚ ਸਰਕਲ ਅਧਿਕਾਰੀ ਦੇ ਰੂਪ ਵਿਚ ਤਾਇਨਾਤ ਰਹਿੰਦੇ ਹੋਏ ਇਕ ਨਾਜਾਇਜ਼ ਭੂਮੀ ਟਰਾਂਸਫਰ ਸੌਦੇ ਨੂੰ ਮਨਜ਼ੂਰੀ ਦਿੱਤੀ ਸੀ। ਇਸ ਤੋਂ ਬਾਅਦ ਉਸ ਨੂੰ ਜ਼ਿਲੇ ’ਚੋਂ ਬਾਹਰ ਟਰਾਂਸਫਰ ਕਰ ਦਿੱਤਾ ਗਿਆ ਸੀ।


author

Inder Prajapati

Content Editor

Related News