ਵਾਪਸ ਹੋਣਗੇ ਪਰਾਲੀ ਸਾੜਨ ਦੇ ਦੋਸ਼ ’ਚ ਕਿਸਾਨਾਂ ’ਤੇ ਦਰਜ ਮੁਕੱਦਮੇ : ਯੋਗੀ ਆਦਿੱਤਿਯਨਾਥ

Thursday, Aug 26, 2021 - 03:07 PM (IST)

ਲਖਨਊ– ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਕਿਹਾ ਹੈ ਕਿ ਫ਼ਸਲ ਦੀ ਪਰਾਲੀ ਸਾੜਨ ਦੇ ਦੋਸ਼ ’ਚ ਕਿਸਾਨਾਂ ’ਤੇ ਦਰਜ ਮੁਕੱਦਮੇ ਵਾਪਸ ਲੈਣ ਅਤੇ ਜੁਰਮਾਨਾ ਖ਼ਤਮ ਕਰਨ ਦੇ ਫ਼ੈਸਲੇ ’ਤੇ ਉਨ੍ਹਾਂ ਦੀ ਸਰਕਾਰ ਵਿਚਾਰ ਕਰ ਰਹੀ ਹੈ। ਸੂਬਾ ਸਰਕਾਰ ਦੇ ਇਕ ਬੁਲਾਰੇ ਨੇ ਵੀਰਵਾਰ ਨੂੰ ਦੱਸਿਆ ਕਿ ਮੁੱਖ ਮੰਤਰੀ ਨੇ ਬੁੱਧਵਾਰ ਨੂੰ ਆਪਣੇ ਸਰਕਾਰੀ ਘਰ ਕਿਸਾਨਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਫ਼ਸਲ ਦੀ ਪਰਾਲੀ ਸਾੜਨ ਕਾਰਨ ਕਿਸਾਨਾਂ ’ਤੇ ਦਰਜ ਮੁਕੱਦਮੇ ਵਾਪਸ ਹੋਣਗੇ। ਨਾਲ ਹੀ ਜੁਰਮਾਨਾ ਖ਼ਤਮ ਕਰਨ ’ਤੇ ਫ਼ੈਸਲਾ ਲਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ,‘‘ਪ੍ਰਦੇਸ਼ ਸਰਕਾਰ ਵਿਚਾਰ ਕਰ ਕੇ ਫ਼ੈਸਲਾ ਲਵੇਗੀ ਕਿ ਫ਼ਸਲ ਦੀ ਪਰਾਲੀ ਸਾੜਨ ਦੌਰਾਨ ਦਰਜ ਹੋਏ ਮੁਕੱਦਮਿਆਂ ਨੂੰ ਖ਼ਤਮ ਕਰਨ ਅਤੇ ਜੁਰਮਾਨਾ ਖ਼ਤਮ ਕਰਨ ਦੀ ਕਾਰਵਾਈ ਨੂੰ ਅੱਗੇ ਵਧਾਇਆ ਜਾਵੇ।’’

ਦੱਸਣਯੋਗ ਹੈ ਕਿ ਖੇਤਾਂ ’ਚ ਪਰਾਲੀ ਸਾੜਨ ’ਤੇ ਉੱਤਰ ਪ੍ਰਦੇਸ਼ ’ਚ ਹਜ਼ਾਰਾਂ ਕਿਸਾਨਾਂ ਵਿਰੁੱਧ ਮੁਕੱਦਮੇ ਦਰਜ ਕੀਤੇ ਗਏ ਸਨ ਅਤੇ ਉਨ੍ਹਾਂ ’ਤੇ ਜੁਰਮਾਨਾ ਲਗਾਇਆ ਗਿਆ ਸੀ। ਇਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਖ਼ਾਸੀ ਨਾਰਾਜ਼ਗੀ ਜ਼ਾਹਰ ਕੀਤੀ ਸੀ। ਹਾਲਾਂਕਿ ਕੇਂਦਰ ਸਰਕਾਰ ਨੇ ਹਾਲ ’ਚ ਪਰਾਲੀ ਸਾੜਨ ਵਾਲੇ ਕਿਸਾਨਾਂ ਵਿਰੁੱਧ ਮੁਕੱਦਮਾ ਕਰਨ ਦੇ ਫ਼ੈਸਲੇ ਵਾਪਸ ਲੈ ਲਿਆ ਹੈ। ਕਿਸਾਨਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਕਿਸਾਨਾਂ ਦੇ ਕਲਿਆਣ ਅਤੇ ਆਮਦਨ ਦੁੱਗਣੀ ਕਰਨ ਲਈ ਵੱਖ-ਵੱਖ ਕਲਿਆਣਕਾਰੀ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਫੰਡ ਯੋਜਨਾ, ਜਨ-ਧਨ ਯੋਜਨਾ ਵਲੋਂ ਕਿਸਾਨਾਂ ਨੂੰ ਬੈਕਿੰਗ ਵਿਵਸਥਾ ਨਾਲ ਜੋੜਦੇ ਹੋਏ ਧਨ ਰਾਸ਼ੀ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ’ਚ ਭੇਜੀ ਜਾ ਰਹੀ ਹੈ।


DIsha

Content Editor

Related News