UP ਦੇ ਸਾਬਕਾ ਰਾਜਪਾਲ ਵਿਰੁੱਧ ਦੇਸ਼ਧ੍ਰੋਹ ਦਾ ਕੇਸ ਦਰਜ, ਯੋਗੀ ਸਰਕਾਰ 'ਤੇ ਕੀਤੀ ਸੀ ਅਪਮਾਨਜਨਕ ਟਿੱਪਣੀ

Monday, Sep 06, 2021 - 12:22 PM (IST)

ਲਖਨਊ- ਉੱਤਰ ਪ੍ਰਦੇਸ਼ ਦੇ ਰਾਮਪੁਰ ਜ਼ਿਲ੍ਹੇ ’ਚ ਸਾਬਕਾ ਰਾਜਪਾਲ ਅਜ਼ੀਜ਼ ਕੁਰੈਸ਼ੀ ਵਿਰੁੱਧ ਪ੍ਰਦੇਸ਼ ਸਰਕਾਰ ਦੇ ਵਿਰੋਧ ’ਚ ਅਪਮਾਨਜਕ ਟਿੱਪਣੀ ਲਈ ਦੇਸ਼ਧ੍ਰੋਹ ਅਤੇ ਧਰਮ ਦੇ ਆਧਾਰ ’ਤੇ 2 ਸਮੂਹਾਂ ਵਿਚਾਲੇ ਦੁਸ਼ਮਣੀ ਵਧਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ ’ਚ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੁਰੈਸ਼ੀ ਵਿਰੁੱਧ ਆਈ.ਪੀ.ਸੀ. ਦੀ ਧਾਰਾ 153 ਏ (ਧਰਮ, ਜਾਤੀ, ਆਦਿ ਦੇ ਆਧਾਰ ’ਤੇ 2 ਸਮੂਹਾਂ ਵਿਚਾਲੇ ਦੁਸ਼ਮਣੀ ਵਧਾਉਣ), 153 ਬੀ (ਰਾਸ਼ਟਰੀ ਏਕਤਾ ਵਿਰੁੱਧ ਪ੍ਰਭਾਵ ਪਾਉਣ ਵਾਲਾ ਭਾਸ਼ਣ ਦੇਣਾ), 124ਏ (ਦੇਸ਼ਧ੍ਰੋਹ) ਅਤੇ 505 1 ਬੀ- (ਜਨਤਕ ਸ਼ਾਂਤੀ ਵਿਰੁੱਧ ਅਪਰਾਧ ਕਰਨ ਦੇ ਮਕਸਦ ਨਾਲ ਝੂਠਾ ਕਥਨ) ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਭਾਜਪਾ ਨੇਤਾ ਆਕਾਸ਼ ਕੁਮਾਰ ਸਕਸੈਨਾ ਨੇ ਐਤਵਾਰ ਨੂੰ ਰਾਮਪੁਰ ਦੇ ਸਿਵਲ ਲਾਈਨਜ਼ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਸੀ।

ਇਹ ਵੀ ਪੜ੍ਹੋ : ਕਿਸਾਨ ਮਹਾਪੰਚਾਇਤ: ਰਾਕੇਸ਼ ਟਿਕੈਤ ਦੀ ਹੁੰਕਾਰ- ‘ਸਿਰਫ਼ ਮਿਸ਼ਨ ਯੂ. ਪੀ. ਨਹੀਂ ਦੇਸ਼ ਬਚਾਉਣਾ ਹੈ’

ਸਕਸੈਨਾ ਨੇ ਦੋਸ਼ ਲਗਾਇਆ ਕਿ ਕੁਰੈਸ਼ੀ ਸਪਾ ਨੇਤਾ ਆਜ਼ਮ ਖਾਨ ਦੇ ਘਰ ਗਏ ਅਤੇ ਉਨ੍ਹਾਂ ਦੀ ਪਤਨੀ ਤਜ਼ੀਨ ਫਾਤਮਾ ਨੂੰ ਮਿਲਣ ਤੋਂ ਬਾਅਦ ਅਪਮਾਨਜਨਕ ਬਿਆਨ ਦਿੱਤਾ ਅਤੇ ਯੋਗੀ ਆਦਿੱਤਿਆਨਾਥ ਸਰਕਾਰ ਦੀ ਤੁਲਨਾ ਰਾਖ਼ਸ਼ਸ, ਸ਼ੈਤਾਨ ਅਤੇ ਖੂਨ ਪੀਣ ਵਾਲੇ ਦਰਿੰਦੇ ਨਾਲ ਕੀਤੀ। ਉਨ੍ਹਾਂ ਨੇ ਸ਼ਿਕਾਇਤ ’ਚ ਕਿਹਾ,‘‘ਕੁਰੈਸ਼ੀ ਨੇ ਆਪਣੇ ਬਿਆਨ ’ਚ ਆਜ਼ਮ ਵਿਰੁੱਧ ਕਾਰਵਾਈ ਨੂੰ ਇਨਸਾਨ ਅਤੇ ਦਾਨਵ ਵਿਚਾਲੇ ਦੀ ਲੜਾਈ ਕਰਾਰ ਦਿੱਤਾ। ਇਹ ਬਿਆਨ 2 ਭਾਈਚਾਰਿਆਂ ਦਰਮਿਆਨ ਤਣਾਅ ਅਤੇ ਸਮਾਜ ’ਚ ਅਸ਼ਾਂਤੀ ਪੈਦਾ ਕਰ ਸਕਦਾ ਹੈ।’’ ਸ਼ਿਕਾਇਤ ਨਾਲ ਸਕਸੈਨਾ ਨੇ ਪੁਲਸ ਨੂੰ ਵੱਖ-ਵੱਖ ਚੈਨਲਾਂ ’ਚ ਪ੍ਰਸਾਰਿਤ ਕੁਰੈਸ਼ੀ ਦੇ ਬਿਆਨ ਦੀ ਪੈਨ ਡਰਾਈਵ ਵੀ ਦਿੱਤੀ ਹੈ। ਕੁਰੈਸ਼ੀ (81) ਕਾਂਗਰਸ ਦੇ ਇਕ ਸੀਨੀਅਰ ਮੈਂਬਰ ਸਨ, ਜਿਨ੍ਹਾਂ ਨੇ 2014-15 ’ਚ ਮਿਜ਼ੋਰਮ ਦੇ ਰਾਜਪਾਲ ਦੇ ਰੂਪ ’ਚ ਕੰਮ ਕੀਤਾ। ਉਨ੍ਹਾਂ ਕੋਲ ਕੁਝ ਸਮੇਂ ਲਈ ਉੱਤਰ ਪ੍ਰਦੇਸ਼ ਦਾ ਚਾਰਜ ਵੀ ਸਨ। ਪੁਲਸ ਅਨੁਸਾਰ ਮਾਮਲੇ ’ਚ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਮਹਾਪੰਚਾਇਤ: ਰਾਜੇਵਾਲ ਦੀ ਮੋਦੀ ਸਰਕਾਰ ਨੂੰ ਲਲਕਾਰ-‘ਉਦੋਂ ਤੱਕ ਡਟੇ ਰਹਾਂਗੇ, ਜਦੋਂ ਤੱਕ ਕਾਨੂੰਨ ਵਾਪਸ ਨਹੀਂ ਹੋਣਗੇ’

ਨੋਟ :  ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News