6 ਬੱਚਿਆਂ ਦੀ ਮੌਤ ਦੇ ਮਾਮਲੇ ''ਚ ਨਿਰਮਾਣ ਕੰਪਨੀ ਦੇ ਡਾਇਰੈਕਟਰਾਂ ਖ਼ਿਲਾਫ਼ ਮਾਮਲਾ ਦਰਜ
Tuesday, Oct 11, 2022 - 01:30 PM (IST)
ਗੁਰੂਗ੍ਰਾਮ (ਭਾਸ਼ਾ)- ਹਰਿਆਣਾ ਦੇ ਗੁਰੂਗ੍ਰਾਮ ਸਥਿਤ ਇਕ ਖਾਲੀ ਪਲਾਟ 'ਚ ਪੁੱਟੇ ਗਏ ਟੋਏ 'ਚ ਇਕੱਠੇ ਹੋਏ ਮੀਂਹ ਦੇ ਪਾਣੀ 'ਚ 6 ਬੱਚਿਆਂ ਦੀ ਡੁੱਬਣ ਨਾਲ ਮੌਤ ਹੋ ਗਈ ਸੀ। ਇਸ ਮਾਮਲੇ 'ਚ ਪੁਲਸ ਨੇ ਇਕ ਨਿਰਮਾਣ ਕੰਪਨੀ ਖ਼ਿਲਾਫ਼ ਗੈਰ-ਇਰਾਦਤਨ ਕਤਲ ਦਾ ਮਾਮਲਾ ਦਰਜ ਕੀਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਡੁੱਬ ਕੇ ਜਾਨ ਗੁਆਉਣ ਵਾਲੇ ਬੱਚਿਆਂ 'ਚ ਸ਼ਾਮਲ 12 ਸਾਲਾ ਦੇਵ ਦੇ ਪਿਤਾ ਬਜਰੰਗ ਪ੍ਰਸਾਦ ਦੀ ਸ਼ਿਕਾਇਤ 'ਤੇ ਬਾਜਘੇਰਾ ਪੁਲਸ ਥਾਣੇ 'ਚ ਐੱਮ.3ਐੱਮ. ਇੰਡੀਆ ਪ੍ਰਾਈਵੇਟ ਲਿਮਟਿਡ ਅਤੇ ਇਸ ਦੇ 2 ਡਾਇਰੈਕਟਰਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਦੋਸ਼ ਲਗਾਇਆ ਗਿਆ ਸੀ ਕਿ ਨਿਰਮਾਣ ਵਾਲੀ ਜਗ੍ਹਾ ਇਨ੍ਹਾਂ ਨਾਲ ਸੰਬੰਧਤ ਹੈ। ਹਾਲਾਂਕਿ, ਕੰਪਨੀ ਨੇ ਇਸ ਸਥਾਨ ਜਾਂ ਘਟਨਾ ਨਾਲ ਆਪਣਾ ਸੰਬੰਧ ਹੋਣ ਦੀ ਗੱਲ ਤੋਂ ਇਨਕਾਰ ਕੀਤਾ ਹੈ।
ਪੁਲਸ ਅਧਿਕਾਰੀਆਂ ਨੇ ਕਿਹਾ ਕਿ ਇਸ ਮਾਮਲੇ 'ਚ ਦੋਸ਼ੀਆਂ ਨੂੰ ਜਲਦ ਨੋਟਿਸ ਭੇਜਿਆ ਜਾਵੇਗਾ। ਕੰਪਨੀ ਨੇ ਇਕ ਬਿਆਨ 'ਚ ਬੱਚਿਆਂ ਦੀ ਡੁੱਬਣ ਨਾਲ ਮੌਤ 'ਤੇ ਸੋਗ ਜਤਾਇਆ। ਕੰਪਨੀ ਨੇ ਕਿਹਾ,''ਅਸੀਂ ਇਹ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਕਥਿਤ ਸਥਾਨ ਐੱਮ.3ਐੱਮ. ਇੰਡੀਆ ਦੇ ਕਬਜ਼ੇ 'ਚ ਨਹੀਂ ਹੈ ਅਤੇ ਐੱਫ.ਆਈ.ਆਰ. 'ਚ ਦਰਜ ਘਟਨਾ ਨਾਲ ਇਸ ਦਾ ਕੋਈ ਸੰਬੰਧ ਨਹੀਂ ਹੈ।'' ਐੱਮ.3ਐੱਮ. ਇੰਡੀਆ ਦੇ ਸੰਸਥਾਪਕ ਚੇਅਰਮੈਨ ਬਸੰਤ ਬੰਸਲ ਹਨ ਅਤੇ ਇਸ ਦੇ ਪ੍ਰਬੰਧ ਡਾਇਰੈਕਟਰ ਰੂਪ ਬੰਸਲ ਹਨ। ਇਨ੍ਹਾਂ ਦੋਹਾਂ ਦੇ ਨਾਮ ਐੱਫ.ਆਈ.ਆਰ. 'ਚ ਸ਼ਾਮਲ ਹਨ। ਇਸ ਵਿਚ, ਸਾਰੇ 6 ਬੱਚਿਆਂ ਦੀਆਂ ਲਾਸ਼ਾਂ ਪੁਲਸ ਨੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ।