ਬਿਹਾਰ 'ਚ ਜ਼ਹਿਰੀਲੀ ਸ਼ਰਾਬ ਦਾ ਮਾਮਲਾ : 9 ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ, 4 ਔਰਤਾਂ ਨੂੰ ਉਮਰਕੈਦ

Friday, Mar 05, 2021 - 08:53 PM (IST)

ਬਿਹਾਰ 'ਚ ਜ਼ਹਿਰੀਲੀ ਸ਼ਰਾਬ ਦਾ ਮਾਮਲਾ : 9 ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ, 4 ਔਰਤਾਂ ਨੂੰ ਉਮਰਕੈਦ

ਪਟਨਾ (ਏਜੰਸੀਆਂ)- ਬਿਹਾਰ ਵਿਚ ਨਿਤੀਸ਼ ਕੁਮਾਰ ਸਰਕਾਰ ਨੇ ਸ਼ਰਾਬਬੰਦੀ ਲਾਗੂ ਕੀਤੀ ਹੋਈ ਹੈ। ਸ਼ਰਾਬਬੰਦੀ 'ਚ ਘਟੀਆ ਅਤੇ ਜ਼ਹਿਰੀਲੀ ਸ਼ਰਾਬ ਦਾ ਧੰਦਾ ਜ਼ੋਰਸ਼ੋਰ ਨਾਲ ਚੱਲਦਾ ਹੈ। ਇਹੀ ਜ਼ਹਿਰੀਲੀ ਸ਼ਰਾਬ ਪੀਣ ਕਾਰਣ ਵੱਡੀ ਗਿਣਤੀ ਵਿਚ ਲੋਕ ਆਪਣੀ ਜਾਨ ਗੁਆ ਬੈਠਦੇ ਹਨ। 16 ਅਗਸਤ 2016 ਨੂੰ ਗੋਪਾਲਗੰਜ ਦੇ ਖਜੂਰਬਾਨੀ ਮੁਹੱਲੇ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ 19 ਵਿਅਕਤੀਆਂ ਦੀ ਮੌਤ ਹੋ ਗਈ ਸੀ। 6 ਹੋਰਨਾਂ ਦੀ ਅੱਖਾਂ ਦੀ ਰੌਸ਼ਨੀ ਵੀ ਚਲੀ ਗਈ ਸੀ। 
ਇਸ ਕਾਂਡ 'ਤੇ ਵਿਸ਼ੇਸ਼ ਅਦਾਲਤ ਦੇ ਜੱਜ ਏ. ਡੀ. ਜੇ.-2 ਲਵਕੁਸ਼ ਕੁਮਾਰ ਨੇ ਸ਼ੁੱਕਰਵਾਰ ਸਖ਼ਤ ਰੁਖ ਅਪਣਾਉਂਦੇ ਹੋਏ 13 ਵਿਚੋਂ 9 ਦੋਸ਼ੀਆਂ ਨੂੰ ਫਾਂਸੀ ਅਤੇ 4 ਔਰਤਾਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ। ਮਾਣਯੋਗ ਜੱਜ ਨੇ ਐਕਸਾਈਜ਼ ਐਕਟ ਅਧੀਨ ਸਭ ਦੋਸ਼ੀਆਂ ਨੂੰ 10-10 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ। ਬਿਹਾਰ ਵਿਚ ਸ਼ਰਾਬਬੰਦੀ 5 ਅਪ੍ਰੈਲ 2016 ਨੂੰ ਲਾਗੂ ਹੋਈ ਸੀ। 

ਇਹ ਖ਼ਬਰ ਪੜ੍ਹੋ- IND v ENG : ਪੰਤ ਦਾ ਭਾਰਤੀ ਧਰਤੀ ’ਤੇ ਪਹਿਲਾ ਸੈਂਕੜਾ, ਭਾਰਤ ਨੂੰ ਮਿਲੀ 89 ਦੌੜਾਂ ਦੀ ਬੜ੍ਹਤ


5 ਸਾਲ ਚੱਲੇ ਮੁਕੱਦਮੇ ਪਿੱਛੋਂ ਇਸ ਮਾਮਲੇ ਵਿਚ 26 ਫਰਵਰੀ ਨੂੰ 14 ਵਿਚੋਂ 13 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਸਜ਼ਾ ਸੁਣਾਈ ਗਈ। ਇਸ ਕਾਂਡ ਦਾ ਮਾਸਟਰਮਾਈਂਡ ਰੁਪੇਸ਼ ਸ਼ੁਕਲਾ ਉਰਫ ਪੰਡਿਤ ਅਜੇ ਫਰਾਰ ਹੈ। ਅਦਾਲਤ ਨੇ ਉਸ ਵਿਰੁੱਧ ਰੈੱਡ ਵਾਰੰਟ ਜਾਰੀ ਕਰ ਕੇ ਭਗੌੜਾ ਐਲਾਨਿਆ ਹੈ।

ਇਹ ਖ਼ਬਰ ਪੜ੍ਹੋ- NZ vs AUS : ਆਸਟਰੇਲੀਆ ਨੇ ਚੌਥਾ ਟੀ20 ਜਿੱਤਿਆ, ਲੜੀ ’ਚ ਕੀਤੀ 2-2 ਨਾਲ ਬਰਾਬਰੀ


15 ਅਗਸਤ 2016 ਦੀ ਰਾਤ ਨੂੰ ਜ਼ਹਿਰੀਲੀ ਸ਼ਰਾਬ ਪੀਣ ਪਿੱਛੋਂ ਲੋਕਾਂ ਦੀ ਸਿਹਤ ਖਰਾਬ ਹੋਣ ਲੱਗੀ। 16 ਅਗਸਤ ਦੀ ਸਵੇਰ ਤੱਕ ਕਈਆਂ ਦੀ ਮੌਤ ਹੋ ਗਈ। ਸ਼ਾਮ ਹੋਣ ਤੱਕ ਮੌਤਾਂ ਦੀ ਗਿਣਤੀ 19 ਤੱਕ ਪੁੱਜ ਗਈ। ਇਸ 'ਤੇ ਤਰਥੱਲੀ ਮੱਚ ਗਈ। ਜ਼ਹਿਰੀਲੀ ਸ਼ਰਾਬ ਕਾਂਡ 'ਤੇ ਹੰਗਾਮਾ ਹੋਣ ਪਿੱਛੋਂ ਜਾਗੀ ਪੁਲਸ ਨੇ 16 ਤੇ 17 ਅਗਸਤ 2016 ਨੂੰ ਛਾਪੇ ਮਾਰ ਕੇ ਵੱਡੀ ਗਿਣਤੀ ਵਿਚ ਸ਼ਰਾਬ ਬਰਾਮਦ ਕੀਤੀ। ਪੁਲਸ ਦੀ ਕਾਰਵਾਈ ਤੋਂ ਇਸ ਗੱਲ ਦੀ ਪੁਸ਼ਟੀ ਹੋਈ ਕਿ ਖਜੂਰਬਾਨੀ ਮੁਹੱਲੇ ਵਿਚ ਜ਼ਹਿਰੀਲੀ ਸ਼ਰਾਬ ਪੀਣ ਕਾਰਣ ਉਕਤ ਮੌਤਾਂ ਹੋਈਆਂ। ਸ਼ਹਿਰ ਦੇ ਇਕ ਪੁਲਸ ਥਾਣੇ ਵਿਚ 14 ਵਿਅਕਤੀਆਂ ਵਿਰੁੱਧ ਐੱਫ. ਆਈ. ਆਰ. ਦਰਜ ਕੀਤੀ ਗਈ। ਇਕ ਮੁਲਜ਼ਮ ਗ੍ਰਹਿਣਪਾਸੀ ਦੀ ਮੌਤ ਹੋਣ ਕਾਰਣ 13 ਮੁਲਜ਼ਮਾਂ ਵਿਰੁੱਧ ਮੁਕੱਦਮਾ ਚੱਲਿਆ। ਸੁਣਵਾਈ ਦੌਰਾਨ ਇਸਤਿਗਾਸਾ ਪੱਖ ਨੇ ਕੁੱਲ 7 ਗਵਾਹਾਂ ਨੂੰ ਪੇਸ਼ ਕੀਤਾ।
ਫੈਸਲੇ ਵਿਰੁੱਧ ਹਾਈ ਕੋਰਟ 'ਚ ਅਪੀਲ ਕੀਤੀ ਜਾਵੇਗੀ
ਵਿਸ਼ੇਸ਼ ਅਦਾਲਤ ਦਾ ਫੈਸਲਾ ਆਉਣ ਪਿੱਛੋਂ ਦੋਸ਼ੀਆਂ ਦੇ ਪਰਿਵਾਰ ਦੇ ਮੈਂਬਰ ਅਦਾਲਤ ਦੇ ਕੰਪਲੈਕਸ ਵਿਚ ਰੋਣ ਲੱਗ ਪਏ। ਕੁਝ ਨੇ ਤਾਂ ਹੰਗਾਮਾ ਖੜ੍ਹਾ ਕਰਨ ਦੀ ਕੋਸ਼ਿਸ਼ ਵੀ ਕੀਤੀ। ਦੋਸ਼ੀਆਂ ਦੇ ਵਕੀਲਾਂ ਨੇ ਕਿਹਾ ਕਿ ਇਸ ਫੈਸਲੇ ਵਿਰੁੱਧ ਹਾਈ ਕੋਰਟ ਵਿਚ ਅਪੀਲ ਕੀਤੀ ਜਾਵੇਗੀ। 
ਬਰਤਰਫ ਕਰ ਦਿੱਤਾ ਸੀ ਪੂਰਾ ਥਾਣਾ, ਹਾਈ ਕੋਰਟ ਨੇ ਰੱਦ ਕੀਤਾ ਹੁਕਮ
ਗੋਪਾਲਗੰਜ ਵਿਖੇ ਨਗਰ ਥਾਣਾ ਨਾਲ ਲੱਗਦੇ ਮੁਹੱਲਾ ਖਜੂਰਬਾਨੀ ਵਿਚ ਸ਼ਰਾਬ ਕਾਂਡ ਪਿੱਛੋਂ ਥਾਣੇ ਦੇ ਸਭ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਬਾਅਦ ਵਿਚ ਬਿਹਾਰ ਸਰਕਾਰ ਨੇ ਉਨ੍ਹਾਂ ਨੂੰ ਬਰਤਰਫ ਕਰ ਦਿੱਤਾ ਸੀ। ਪੁਲਸ ਮੁਲਾਜ਼ਮਾਂ ਦੀ ਬਰਤਰਫੀ ਦੇ ਹੁਕਮਾਂ ਨੂੰ ਇਸ ਸਾਲ 4 ਫਰਵਰੀ ਨੂੰ ਹਾਈ ਕੋਰਟ ਨੇ ਰੱਦ ਕੀਤਾ ਸੀ।  

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News