ਯੂਕ੍ਰੇਨ ’ਚ ਫਸੇ ਜੰਮੂ-ਕਸ਼ਮੀਰ ਦੇ ਵਿਦਿਆਰਥੀਆਂ ਦਾ ਮਾਮਲਾ ਸੁਪਰੀਮ ਕੋਰਟ ’ਚ ਪੁੱਜਾ
Thursday, Mar 03, 2022 - 01:29 PM (IST)
ਨਵੀਂ ਦਿੱਲੀ, (ਕਮਲ ਕਾਂਸਲ)– ਯੂਕ੍ਰੇਨ ’ਚ ਫਸੇ ਭਾਰਤੀਆਂ ਨੂੰ ਕੱਢਣ ਲਈ ਆਪਰੇਸ਼ਨ ਗੰਗਾ ਮੁਹਿੰਮ ਚਲਾਈ ਜਾ ਰਹੀ ਹੈ। ਸਰਕਾਰੀ ਕੋਸ਼ਿਸ਼ਾਂ ਤੋਂ ਬਾਅਦ ਵੀ ਵਿਦਿਆਰਥੀਆਂ ਨੂੰ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਹਨ। ਇਸ ਸੰਬੰਧ ’ਚ ਸੁਪਰੀਮ ਕੋਰਟ ਨੇ ਦਾਇਰ ਕੀਤੀ ਗਈ ਪਟੀਸ਼ਨ ਦੇ ਸੰਬੰਧ ’ਚ ਅਟਾਰਨੀ ਜਨਰਲ ਨੂੰ ਤਲਬ ਕੀਤਾ ਹੈ। ਸੁਪਰੀਮ ਕੋਰਟ ’ਚ ਯੂਕ੍ਰੇਨ ’ਚ ਫਸੇ ਜੰਮੂ-ਕਸ਼ਮੀਰ ਦੇ ਵਿਦਿਆਰਥੀਆਂ ਦਾ ਮਾਮਲਾ ਪਹੁੰਚਿਆ ਹੈ। ਯੂਕ੍ਰੇਨ ’ਚ ਫਸੇ ਵਿਦਿਆਰਥੀਆਂ ਅਤੇ ਲੋਕਾਂ ਦੇ ਮਾਮਲੇ ’ਚ ਸੁਪਰੀਮ ਕੋਰਟ ਨੇ ਅਟਾਰਨੀ ਜਨਰਲ ਨੂੰ ਕੋਰਟ ’ਚ ਤਲਬ ਕੀਤਾ। ਕਰੋਟ ਨੇ ਪਟੀਸ਼ਨਕਰਤਾ ਨੂੰ ਇੰਤਜ਼ਾਰ ਕਰਨ ਲਈ ਕਿਹਾ ਸੀ।
ਪਟੀਸ਼ਨ ’ਚ ਕਿਹਾ ਗਿਆ ਸੀ ਕਿ ਯੂਕ੍ਰੇਨ ਦੇ ਮੋਲਡੋਵਾ/ਰੋਮਾਨੀਆ ਬਾਰਡਰ ’ਤੇ ਕਰੀਬ 250 ਵਿਦਿਆਰਥੀ ਫਸੇ ਹਨ। ਕਿਹਾ ਗਿਆ ਕਿ ਪਿਛਲੇ 6 ਦਿਨਾਂ ਤੋਂ ਉੱਥੋਂ ਭਾਰਤ ਵਲ ਕੋਈ ਫਲਾਈਟ ਨਹੀਂ ਗਈ। ਇਹ ਪਟੀਸ਼ਨ ਉਨ੍ਹਾਂ ਪਰਿਵਾਰਾਂ ਨੇ ਦਾਇਰ ਕੀਤੀ ਹੈ ਜਿਨ੍ਹਾਂ ਦੇ ਬੱਚੇ ਯੂਕ੍ਰੇਨ ’ਚ ਫਸੇ ਹਨ। ਯੂਕ੍ਰੇਨ ’ਚ ਫਸੇ ਵਿਦਿਆਰਥੀਆਂ ਦੇ ਪਰਿਵਾਰ ਵਾਲਿਆਂ ਵੱਲੋਂ ਪਟੀਸ਼ਨ ਐਡਵੋਕੇਟ ਏ.ਐੱਮ. ਡਾਰ ਨੇ ਦਾਇਰ ਕੀਤੀ। ਸੀ.ਜੇ.ਆਈ. ਨੇ ਕਿਹਾ ਕਿ ਮਾਮਲੇ ’ਤੇ ਸੁਣਵਾਈ ਜ਼ਰੂਰੀ ਹੈ ਕਿਉਂਕਿ ਇਸ ਲਈ ਐਡਵੋਕੇਟ (ਡਾਰ) ਕਸ਼ਮੀਰ ਤੋਂ ਆਏ ਹਨ।
ਸੀ.ਜੇ.ਆਈ. ਨੇ ਕਿਹਾ ਕਿ ਅਸੀਂ ਇਸ ਮਾਮਲੇ ’ਚ ਅਟਾਰਨੀ ਜਨਰਲ ਨੂੰ ਤਲਬ ਕਰ ਰਹੇ ਹਾਂ ਤੁਸੀਂ ਇੰਤਜ਼ਾਰ ਕਰੋ। ਸੀ.ਜੇ.ਆਈ. ਨੇ ਕਿਹਾ ਕਿ ਅਸੀਂ ਇਸ ਮਾਮਲੇ ’ਚ ਕੀ ਕਰ ਸਕਦੇ ਹਾਂ। ਕੱਲ੍ਹ ਨੂੰ ਤੁਸੀਂ ਕਹੋਗੇ ਕਿ ਪੁਤਿਨ ਨੂੰ ਨਿਰਦੇਸ਼ ਜਾਰੀ ਕਰੋ। ਅਟਾਰਨੀ ਜਨਰਲ ਨੇ ਕੋਰਟ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਖ਼ੁਦ ਇਸ ਮਾਮਲੇ ਨੂੰ ਵੇਖ ਰਹੇ ਹਨ, ਪੁਤਿਨ ਅਤੇ ਯੂਕ੍ਰੇਨ ਨਾਲ ਗੱਲ ਕਰ ਰਹੇ ਹਨ। ਨਾਲ ਹੀ ਸੰਬੰਧਿਤ ਗੁਆਂਢੀ ਦੇਸ਼ਾਂ ਨਾਲ ਵੀ ਸੰਪਰਕ ’ਚ ਹਨ। ਵਕੀਲ ਨੇ ਕਿਹਾ ਕਿ ਉੱਥੇ ਮਾਈਨਸ 7 ਤਾਪਮਾਨ ਹੈ, ਵਿਦੇਸ਼ ਮੰਤਰਾਲਾ ਨੂੰ ਉੱਥੇ ਫਸੇ ਲੋਕਾਂ ਨੂੰ ਰਾਹਤ ਮੁਹੱਈਆ ਕਰਵਾਉਣ ਦਾ ਨਿਰਦੇਸ਼ ਦਿਓ।
ਕੋਰਟ ਨੇ ਪੁੱਛਿਆ ਬੱਚੇ ਕਿੱਥੇ ਪੜ੍ਹ ਰਹੇ ਹਨ? ਵਕੀਲ- ਯੂਕ੍ਰੇਨ ਦੇ ਓਡੇਸਾ ਨੈਸ਼ਨਲ ਕਾਲਜ, ਫਿਲਹਾਲ ਉਹ ਰੋਮਾਨੀਆ ਬਾਰਡਰ ’ਤੇ ਹਨ ਜਿੱਥੇ ਨਾ ਖਾਣਾ ਹੈ, ਨਾ ਫਲਾਈਟ ਅਤੇ ਤਾਪਮਾਨ ਵੀ ਮਾਈਨਸ ’ਚ ਹੈ। ਵਿਦਿਆਰਥੀ ਅਜੇ ਬਾਰਡਰ ਕ੍ਰਾਸ ਨਹੀਂ ਕਰ ਸਕੇ, ਅਸਲ ਸਮੱਸਿਆ ਇਹੀ ਹੈ। ਵਕੀਲ ਨੇ ਕਿਹਾ ਕਿ ਅਜੇ ਫਲਾਈਟ ਸਿਰਫਡ ਪੋਲੈਂਡ ਅਤੇ ਹੰਗਰੀ ਤੋਂ ਚੱਲ ਰਹੀ ਹੈ। ਸੁਪਰੀਮ ਕੋਰਟ ਨੇ ਅਟਾਰਨੀ ਜਨਰਲ ਨੂੰ ਕਿਹਾ ਕਿ ਇਸ ਮਾਮਲੇ ’ਚ ਜੋ ਵੀ ਮਦਦ ਹੋ ਸਕੇ ਉਹ ਕਰਨ।