ਰਾਜਸਥਾਨ 'ਚ ਸ਼ਰਮਨਾਕ ਘਟਨਾ, ਅੱਖਾਂ 'ਚ ਮਿਰਚਾਂ ਪਾ ਕੇ ਸਾਬਕਾ ਗ੍ਰੰਥੀ ਨਾਲ ਕੁੱਟਮਾਰ
Friday, Jul 22, 2022 - 04:55 PM (IST)
ਜੈਪੁਰ (ਭਾਸ਼ਾ)- ਰਾਜਸਥਾਨ 'ਚ ਅਲਵਰ ਜ਼ਿਲ੍ਹੇ ਦੇ ਰਾਮਗੜ੍ਹ ਥਾਣਾ ਖੇਤਰ 'ਚ ਕੁਝ ਲੋਕਾਂ ਨੇ ਇਕ ਗੁਰਦੁਆਰੇ ਦੇ ਸਾਬਕਾ ਗ੍ਰੰਥੀ ਨਾਲ ਕੁੱਟਮਾਰ ਕੀਤੀ। ਅਲਵਰ ਦੇ ਪੁਲਸ ਸੁਪਰਡੈਂਟ ਤੇਜਸਵਨੀ ਗੌਤਮ ਨੇ ਦੱਸਿਆ ਕਿ ਇਸ ਸੰਬੰਧ 'ਚ ਰਾਮਗੜ੍ਹ ਥਾਣੇ 'ਚ ਆਈ.ਪੀ.ਸੀ. ਦੀ ਧਾਰਾ 307 (ਕਤਲ ਦੀ ਕੋਸ਼ਿਸ਼) ਦੇ ਅਧੀਨ ਮਾਮਲਾ ਦਰਜ ਕਰ ਕੇ 7-8 ਲੋਕਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਮਾਮਲਾ ਆਪਸੀ ਰੰਜਿਸ਼ ਦਾ ਲੱਗਦਾ ਹੈ, ਕਿਉਂਕਿ ਮਿਲਕਪੁਰ ਅਤੇ ਅਲਾਵੜਾ ਪਿੰਡ 'ਚ 2 ਭਾਈਚਾਰਿਆਂ ਦਰਮਿਆਨ ਬਾਲਗ਼ ਕੁੜੀਆਂ ਦੇ ਪ੍ਰੇਮ ਸੰਬੰਧਾਂ ਨੂੰ ਲੈ ਕੇ ਪੁਰਾਣੀ ਰੰਜਿਸ਼ ਚਲੀ ਆ ਰਹੀ ਹੈ। ਉਨ੍ਹਾਂ ਅਨੁਸਾਰ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਕੇਜਰੀਵਾਲ ਦਾ ਦਾਅਵਾ- ਸਿਸੋਦੀਆ ਨੂੰ ਝੂਠੇ ਮਾਮਲੇ 'ਚ ਫਸਾਇਆ ਜਾ ਰਿਹਾ ਹੈ
ਪੁਲਸ ਨੇ ਇਸ ਬਾਰੇ ਗੁਰਬਖ਼ਸ ਸਿੰਘ ਦੇ ਪਰਚਾ ਬਿਆਨ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਹੈ। ਸਿੰਘ ਨੇ ਉਸ 'ਚ ਕਿਹਾ ਕਿ ਵੀਰਵਾਰ ਰਾਤ ਉਹ ਬਾਈਕ 'ਤੇ ਅਲਾਵੜਾ ਪਿੰਡ ਜਾ ਰਿਹਾ ਸੀ, ਉਦੋਂ ਕੁਝ ਲੋਕਾਂ ਨੇ ਮਦਦ ਮੰਗਦੇ ਹੋਏ ਉਸ ਨੂੰ ਰੋਕਿਆ। ਜਦੋਂ ਉਹ ਰੁਕਿਆ ਤਾਂ ਉਨ੍ਹਾਂ ਲੋਕਾਂ ਨੇ ਉਸ ਦੀਆਂ ਅੱਖਾਂ 'ਚ ਮਿਰਚ ਪਾ ਦਿੱਤੀ। ਸ਼ਿਕਾਇਤਕਰਤਾ ਅਨੁਸਾਰ ਹਮਲਾਵਰ ਉਸ ਨਾਲ ਕੁੱਟਮਾਰ ਕਰ ਕੇ ਅਤੇ ਉਸ ਦੇ ਕੇਸ (ਵਾਲ) ਕਟ ਕੇ ਦੌੜ ਗਏ। ਪੁਲਸ ਨੇ ਪਰਚਾ ਬਿਆਨ ਦੇ ਆਧਾਰ 'ਤੇ ਕੁਝ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਹੈ। ਪੁਲਸ ਦੇ ਸੀਨੀਅਰ ਅਧਿਕਾਰੀ ਸ਼ੁੱਕਰਵਾਰ ਨੂੰ ਥਾਣੇ ਪਹੁੰਚੇ ਅਤੇ ਮਾਮਲੇ ਦੀ ਜਾਣਕਾਰੀ ਲਈ। ਪੀੜਤ ਇਕ ਗੁਰਦੁਆਰੇ ਦਾ ਸਾਬਕਾ ਗ੍ਰੰਥੀ ਦੱਸਿਆ ਗਿਆ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ