ਕੇਦਾਰਨਾਥ ਤੋਂ ਪਰਤ ਰਹੇ ਯੂ. ਪੀ. ਦੇ ਸ਼ਰਧਾਲੂਆਂ ਦੀ ਕਾਰ ਗੰਗਾ ਨਦੀ ’ਚ ਡਿੱਗੀ, ਡੁੱਬਣ ਦਾ ਖ਼ਦਸ਼ਾ

Wednesday, Jul 13, 2022 - 01:32 PM (IST)

ਕੇਦਾਰਨਾਥ ਤੋਂ ਪਰਤ ਰਹੇ ਯੂ. ਪੀ. ਦੇ ਸ਼ਰਧਾਲੂਆਂ ਦੀ ਕਾਰ ਗੰਗਾ ਨਦੀ ’ਚ ਡਿੱਗੀ, ਡੁੱਬਣ ਦਾ ਖ਼ਦਸ਼ਾ

ਦੇਹਰਾਦੂਨ– ਉੱਤਰਾਖੰਡ ਦੇ ਟਿਹਰੀ ਜ਼ਿਲ੍ਹੇ ਦੇ ਕੌੜੀਆਲਾ ਖੇਤਰ ’ਚ ਬੁੱਧਵਾਰ ਸਵੇਰੇ ਇਕ ਕਾਰ ਦੇ ਗੰਗਾ ਨਦੀ ’ਚ ਡਿੱਗ ਗਈ। ਜਿਸ ਕਾਰਨ ਕਾਰ ’ਚ ਸਵਾਰ ਉੱਤਰ ਪ੍ਰਦੇਸ਼ ਦੇ 4 ਸ਼ਰਧਾਲੂਆਂ ਦੇ ਡੁੱਬਣ ਦਾ ਖ਼ਦਸ਼ਾ ਹੈ। ਸ਼ਰਧਾਲੂ ਕੇਦਾਰਨਾਥ ਧਾਮ ਦੇ ਦਰਸ਼ਨ ਕਰ ਕੇ ਪਰਤ ਰਹੇ ਸਨ। ਪੁਲਸ ਨੇ ਦੱਸਿਆ ਕਿ ਮੀਂਹ ਕਾਰਨ ਭਰੀ ਨਦੀ ’ਚ  ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਪਰ ਅਜੇ ਤਕ ਕਾਰ ਅਤੇ ਉਸ ’ਚ ਸਵਾਰ ਸ਼ਰਧਾਲੂਆਂ ਦਾ ਕੁਝ ਪਤਾ ਨਹੀਂ ਲੱਗ ਸਕਿਆ ਹੈ। 

ਹਾਦਸੇ ਦੀ ਸੂਚਨਾ ਮਿਲਦੇ ਹੀ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐੱਸ. ਡੀ. ਆਰ. ਐੱਫ.) ਦੀ ਟੀਮ ਨੂੰ ਮੌਕੇ ’ਤੇ ਭੇਜਿਆ ਗਿਆ, ਜਿਸ ਨੇ ਰੱਸੀ ਦੀ ਮਦਦ ਨਾਲ ਬਹੁਤ ਡੂੰਘੀ ਖੱਡ ’ਚ ਉਤਰ ਕੇ ਨਦੀ ਦੇ ਕੰਢੇ ਤੱਕ ਪਹੁੰਚ ਬਣਾਈ। ਉਨ੍ਹਾਂ ਦੱਸਿਆ ਕਿ ਨਦੀ ਦੇ ਕੰਢੇ ਤਲਾਸ਼ੀ ਦੌਰਾਨ ਟੀਮ ਨੂੰ ਕਾਰ ਦੀ ਨੰਬਰ ਪਲੇਟ, ਬੈਗ, ਮੋਬਾਇਲ ਫੋਨ ਅਤੇ ਆਧਾਰ ਕਾਰਡ ਮਿਲੇ, ਜਿਸ ਤੋਂ ਇਹ ਅਨੁਮਾਨ ਲਾਇਆ ਕਿ ਕਾਰ ਨਦੀ ’ਚ ਡਿੱਗ ਗਈ ਹੈ।

ਨਦੀ ਦਾ ਪਾਣੀ ਦਾ ਪੱਧਰ ਵਧੇਰੇ ਹੋਣ ਅਤੇ ਵਹਾਅ ਤੇਜ਼ ਹੋਣ ਕਾਰਨ ਗੋਤਾਖ਼ੋਰਾਂ ਦੀ ਟੀਮ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ ਹੈ ਅਤੇ ਦੋਵੇਂ ਟੀਮਾਂ ਵਲੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਮੌਕੇ ਤੋਂ ਮਿਲੇ ਆਧਾਰ ਕਾਰਡ ’ਤੇ ਪੰਕਜ ਸ਼ਰਮਾ ਦਾ ਨਾਂ ਹੈ ਅਤੇ ਉਸ ਦੇ ਮੋਬਾਇਲ ਫੋਨ ਤੋਂ ਉਸ ਦੇ ਪਰਿਵਾਰਾਂ ਨਾਲ ਸੰਪਰਕ ਕਰਨ ’ਤੇ ਜਾਣਕਾਰੀ ਮਿਲੀ ਕਿ ਉਹ 10 ਜੁਲਾਈ ਨੂੰ 3 ਹੋਰ ਲੋਕਾਂ ਨਾਲ ਮੇਰਠ ਤੋਂ ਕੇਦਾਰਨਾਥ ਧਾਮ ਦੇ ਦਰਸ਼ਨਾਂ ਲਈ ਗਏ ਸਨ ਅਤੇ ਅੱਜ ਯਾਨੀ ਕਿ ਬੁੱਧਵਾਰ ਨੂੰ ਵਾਪਸ ਆ ਰਹੇ ਸਨ। 52 ਸਾਲਾ ਪੰਕਜ ਸ਼ਰਮਾ ਤੋਂ ਇਲਾਵਾ ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ’ਚ ਗੁਲਵੀਰ ਜੈਨ (40), ਨਿਤਿਨ (25) ਅਤੇ ਹਰਸ਼ ਗੁੱਜਰ (19) ਸ਼ਾਮਲ ਹਨ।


author

Tanu

Content Editor

Related News