ਕਾਰ ਚਾਲਕ ਨੇ ਪੁਲਸ ਕਾਂਸਟੇਬਲ ਨੂੰ 10 ਮੀਟਰ ਤੱਕ ਘੜੀਸਿਆ, ਮੌਤ
Monday, Sep 30, 2024 - 04:25 AM (IST)
ਨਵੀਂ ਦਿੱਲੀ - ਬਾਹਰੀ ਦਿੱਲੀ ’ਚ ਇਕ ਕਾਰ ਚਾਲਕ ਨੇ ਮੋਟਰਸਾਈਕਲ ’ਤੇ ਜਾ ਰਹੇ ਪੁਲਸ ਕਾਂਸਟੇਬਲ ਨੂੰ ਕਥਿਤ ਤੌਰ ’ਤੇ ਟੱਕਰ ਮਾਰ ਦਿੱਤੀ ਅਤੇ ਉਸ ਨੂੰ ਲੱਗਭਗ 10 ਮੀਟਰ ਤੱਕ ਘੜੀਸਦਾ ਰਿਹਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਕਾਂਸਟੇਬਲ ਨੇ ਲਾਪਰਵਾਹੀ ਨਾਲ ਵਾਹਨ ਚਲਾਉਣ ਲਈ ਕਾਰ ਚਾਲਕ ਨੂੰ ਝਾੜ ਪਾਈ ਸੀ ਪਰ ਇਸ ਤੋਂ ਬਾਅਦ ਉਸ ਨੇ ਕਾਂਸਟੇਬਲ ਨੂੰ ਟੱਕਰ ਮਾਰ ਦਿੱਤੀ।
ਇਹ ਘਟਨਾ ਸ਼ਨੀਵਾਰ ਦੇਰ ਰਾਤ ਲੱਗਭਗ ਸਵਾ 2 ਵਜੇ ਬੀਣਾ ਇਨਕਲੇਵ ਦੇ ਕੋਲ ਉਸ ਸਮੇਂ ਹੋਈ ਜਦੋਂ ਕਾਂਸਟੇਬਲ ਸੰਦੀਪ (30) ਡਿਊਟੀ ਦੌਰਾਨ ਸਾਦੇ ਕੱਪੜਿਆਂ ’ਚ ਨਾਂਗਲੋਈ ਪੁਲਸ ਥਾਣੇ ਤੋਂ ਰੇਲਵੇ ਰੋਡ ਵੱਲ ਜਾ ਰਿਹਾ ਸੀ।
ਬਾਹਰੀ ਦਿੱਲੀ ਦੇ ਡੀ. ਸੀ. ਪੀ. ਜਿੰਮੀ ਚਿਰਾਮ ਨੇ ਦੱਸਿਆ ਕਿ ਜਦੋਂ ਸੰਦੀਪ ਨੇ ਵੇਖਿਆ ਕਿ ਇਕ ਵਿਅਕਤੀ ਕਾਰ ਨੂੰ ਲਾਪਰਵਾਹੀ ਨਾਲ ਚਲਾ ਰਿਹਾ ਹੈ ਤਾਂ ਉਨ੍ਹਾਂ ਨੇ ਚਾਲਕ ਨੂੰ ਅਜਿਹਾ ਨਾ ਕਰਨ ਲਈ ਕਿਹਾ।
ਇਸ ਤੋਂ ਬਾਅਦ ਅਚਾਨਕ ਚਾਲਕ ਨੇ ਕਾਰ ਦੀ ਰਫ਼ਤਾਰ ਵਧਾ ਦਿੱਤੀ ਅਤੇ ਉਸ ਨੇ ਕਾਂਸਟੇਬਲ ਦੇ ਮੋਟਰਸਾਈਕਲ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਅਤੇ ਉਸ ਨੂੰ ਲੱਗਭਗ 10 ਮੀਟਰ ਤੱਕ ਘੜੀਸਦਾ ਹੋਇਆ ਲੈ ਗਿਆ, ਉਸ ਤੋਂ ਬਾਅਦ ਇਕ ਖੜੀ ਕਾਰ ਨਾਲ ਜਾ ਟਕਰਾਇਆ।
ਉਨ੍ਹਾਂ ਦੱਸਿਆ ਕਿ ਕਾਂਸਟੇਬਲ ਸੰਦੀਪ ਨੂੰ ਪਹਿਲਾਂ ਸੋਨੀਆ ਹਸਪਤਾਲ ’ਚ ਦਾਖਲ ਕਰਾਇਆ ਗਿਆ ਅਤੇ ਇਸ ਤੋਂ ਬਾਅਦ ਪੱਛਮ ਵਿਹਾਰ ਦੇ ਬਾਲਾਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।