KMP ਐਕਸਪ੍ਰੈੱਸ ਵੇਅ 'ਤੇ ਟਰੱਕ ਨਾਲ ਟਕਰਾਈ ਕਾਰ, ਲੁਧਿਆਣਾ ਦੇ 2 ਲੋਕਾਂ ਦੀ ਮੌਤ
Wednesday, Dec 28, 2022 - 11:48 AM (IST)
ਗੁਰੂਗ੍ਰਾਮ (ਭਾਸ਼ਾ)- ਕੁੰਡਲੀ-ਮਾਨੇਸਰ-ਪਲਵਲ (ਕੇ.ਐੱਮ.ਪੀ.) ਐਕਸਪ੍ਰੈੱਸ ਵੇਅ 'ਤੇ ਮੰਗਲਵਾਰ ਸਵੇਰੇ ਸੰਘਣੀ ਧੁੰਦ ਕਾਰਨ ਇਕ ਕਾਰ ਦੇ ਟਰੱਕ ਨਾਲ ਟਕਰਾਉਣ ਕਾਰਨ 2 ਲੋਕਾਂ ਦੀ ਮੌਤ ਹੋ ਗਈ, ਦਜੋਂ ਕਿ 2 ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਯਾਤਰੀਆਂ ਦਾ ਇਹ ਸਮੂਹ ਲੁਧਿਆਣਾ ਤੋਂ ਜੈਪੁਰ ਜਾ ਰਿਹਾ ਸੀ ਪਰ ਧੁੰਦ ਕਾਰਨ ਭਟਕ ਗਿਆ ਅਤੇ ਕੇ.ਐੱਮ.ਪੀ. ਐਕਸਪ੍ਰੈਸ ਵੇਅ 'ਤੇ ਆ ਗਿਆ। ਪੁਲਸ ਨੇ ਦੱਸਿਆ ਕਿ ਟਰੱਕ ਡਰਾਈਵਰ ਖ਼ਿਲਾਫ਼ ਤੌਰੂ ਪੁਲਸ ਸਟੇਸ਼ਨ 'ਚ ਐੱਫ.ਆਈ.ਆਰ ਦਰਜ ਕੀਤੀ ਗਈ ਹੈ, ਜੋ ਹਾਦਸੇ ਤੋਂ ਬਾਅਦ ਵਾਹਨ ਛੱਡ ਕੇ ਭੱਜ ਗਿਆ। ਪੁਲਸ ਮੁਤਾਬਕ ਮ੍ਰਿਤਕਾਂ ਦੀ ਪਛਾਣ ਅਨਿਕੇਤ ਕੱਕੜ ਅਤੇ ਸ਼ੈਂਕੀ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਖਾਣਾ ਬਣਾਉਂਦੇ ਸਮੇਂ ਝੌਂਪੜੀ 'ਚ ਲੱਗੀ ਅੱਗ, 4 ਬੱਚਿਆਂ ਸਮੇਤ ਪਰਿਵਾਰ ਦੇ 5 ਮੈਂਬਰ ਜਿਊਂਦੇ ਸੜੇ
ਉਨ੍ਹਾਂ ਦੱਸਿਆ ਕਿ ਆਕਾਸ਼ ਕਪੂਰ ਅਤੇ ਵਿਕਰਮ ਕੱਕੜ ਹਾਦਸੇ 'ਚ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਦਾ ਇਲਾਜ ਇਕ ਨਿੱਜੀ ਹਸਪਤਾਲ 'ਚ ਕੀਤਾ ਜਾ ਰਿਹਾ ਹੈ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਗਈ ਹੈ। ਅਣਪਠਾਤੇ ਡਰਾਈਵਰ ਥ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 283 (ਜਨਤਕ ਰਸਤੇ 'ਚ ਰੁਕਾਵਟ), 297 (ਤੇਜ਼ ਰਫ਼ਤਾਰ ਨਾਲ ਚਲਾਉਣਾ), 304ਏ (ਲਾਪਰਵਾਹੀ ਨਾਲ ਮੌਤ) ਦੇ ਅਧੀਨ ਐੱਫ.ਆਈ.ਆਰ. ਦਰਜ ਕੀਤੀ ਗਈ ਸੀ। ਤੌਰੂ ਪੁਲਸ ਥਾਣੇ ਦੇ ਇੰਚਾਰਜ ਇੰਸਪੈਕਟਰ ਅਰਵਿੰਦ ਕੁਮਾਰ ਨੇ ਕਿਹਾ,''ਐੱਫ.ਆਈ.ਆਰ. ਦਰਜ ਕਰ ਲਈ ਗਈ ਹੈ ਅਤੇ ਅਸੀਂ ਲਾਸ਼ਾਂ ਨੂੰ ਮੁਰਦਾਘਰ 'ਚ ਰੱਖਵਾ ਦਿੱਤਾ ਹੈ। ਪੋਸਟਮਾਰਟਮ ਵੀਰਵਾਰ ਕੀਤਾ ਜਾਵੇਗਾ। ਅਸੀਂ ਟਰੱਕ ਡਰਾਈਵਰ ਨੂੰ ਫੜਨ ਲਈ ਛਾਪੇਮਾਰੀ ਕਰ ਰਹੇ ਹਾਂ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ