ਮੋਟਰਸਾਈਕਲ ਨੂੰ ਟੱਕਰ ਮਾਰਨ ਤੋਂ ਬਾਅਦ ਦਰੱਖਤ ਨਾਲ ਟਕਰਾਈ ਕਾਰ, 5 ਦੀ ਮੌਤ

06/09/2024 4:13:01 PM

ਅਮੇਠੀ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਅਮੇਠੀ ਜ਼ਿਲ੍ਹੇ ਦੇ ਮੁੰਸ਼ੀਗੰਜ ਖੇਤਰ 'ਚ ਐਤਵਾਰ ਨੂੰ ਇਕ ਕਾਰ ਦੇ ਮੋਟਰਸਾਈਕਲ ਨੂੰ ਟੱਕਰ ਮਾਰਨ ਤੋਂ ਬਾਅਦ ਇਕ ਦਰੱਖਤ ਨਾਲ ਟਕਰਾਉਣ ਦੀ ਘਟਨਾ 'ਚ ਇਕ ਬੱਚੇ ਸਮੇਤ 5 ਲੋਕਾਂ ਦੀ ਮੌਤ ਹੋ ਗਈ ਅਤੇ 5 ਲੋਕ ਜ਼ਖ਼ਮੀ ਹੋ ਗਏ। ਪੁਲਸ ਸੂਤਰਾਂ ਨੇ ਇੱਥੇ ਦੱਸਿਆ ਕਿ ਮੁੰਸ਼ੀਗੰਜ ਥਾਣਾ ਖੇਤਰ ਦੇ ਆਜ਼ਾਦ ਨਗਰ 'ਚ ਜਾਮੋ-ਭਾਦਰ ਮਾਰਗ 'ਤੇ ਇਕ ਕਾਰ ਦੇ ਸਾਹਮਣੇ ਅਚਾਨਕ ਮੋਟਰਸਾਈਕਲ ਆ ਗਿਆ, ਜਿਸ ਨਾਲ ਕਾਰ ਅਤੇ ਮੋਟਰਸਾਈਕਲ ਵਿਚਾਲੇ ਟੱਕਰ ਹੋਈ ਅਤੇ ਫਿਰ ਕਾਰ ਇਕ ਦਰੱਖਤ ਨਾਲ ਜਾ ਟਕਰਾਈ। ਉਨ੍ਹਾਂ ਦੱਸਿਆ ਕਿ ਇਸ ਹਾਦਸੇ 'ਚ 10 ਲੋਕ ਜ਼ਖ਼ਮੀ ਹੋ ਗਏ। ਸਥਾਨਕ ਲੋਕ 7 ਸਾਲ ਦੇ ਬੱਚੇ ਨੂੰ ਭੇਟੁਆ ਸਥਿਤ ਸਿਹਤ ਕੇਂਦਰ ਲੈ ਗਏ, ਜਿੱਥੋਂ ਉਸ ਨੂੰ ਸੁਲਤਾਨਪੁਰ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇਲਾਜ ਦੌਰਾਨ ਬੱਚੇ ਦੀ ਮੌਤ ਹੋ ਗਈ।

ਸੂਤਰਾਂ ਨੇ ਦੱਸਿਆ ਕਿ ਬਾਕੀ ਜ਼ਖ਼ਮੀਆਂ ਨੂੰ ਗੌਰੀਗੰਜ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਸੁਲਤਾਨਪੁਰ ਦੇ ਕੁੜਵਾਰ ਇਲਾਕੇ ਦੀ ਰਹਿਣ ਵਾਲੀ ਸ਼ਬਨਮ (35), ਵੰਦਨਾ ਪਾਠਕ (29), ਉਸ ਦੇ 7 ਸਾਲ ਦੇ ਪੁੱਤ, ਭਰਾ ਦੁਰਗੇਸ਼ ਉਪਾਧਿਆਏ (35) ਅਤੇ ਇਕ ਅਣਪਛਾਤੀ ਔਰਤ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸੂਤਰਾਂ ਅਨੁਸਾਰ ਹਾਦਸੇ 'ਚ 5 ਹੋਰ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਉਨ੍ਹਾਂ 'ਚੋਂ ਤਿੰਨ ਨੂੰ ਲਖਨਊ ਸਥਿਤ ਟਰਾਮਾ ਸੈਂਟਰ ਰੈਫਰ ਕਰ ਦਿੱਤਾ ਗਿਆ ਹੈ। 2 ਹੋਰ ਲੋਕਾਂ ਦਾ ਜ਼ਿਲ੍ਹਾ ਹਸਪਤਾਲ 'ਚ ਇਲਾਜ ਕੀਤਾ ਜਾ ਰਿਹਾ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News