ਨਿੱਝਰ ਅਪਰਾਧਾਂ ’ਚ ਸ਼ਾਮਲ ਸੀ, ਇਹ ਜਾਣਕਾਰੀ ਹੋਣ ’ਤੇ ਵੀ ਕੈਨੇਡਾ ਨੇ ਅੱਖਾਂ ਮੀਟੀ ਰੱਖੀਆਂ
Saturday, Sep 23, 2023 - 10:43 AM (IST)
ਨਵੀਂ ਦਿੱਲੀ (ਭਾਸ਼ਾ)- ਖਾਲਿਸਤਾਨੀ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਫਰਜ਼ੀ ਪਾਸਪੋਰਟ ਦੀ ਵਰਤੋਂ ਕਰ ਕੇ ਕੈਨੇਡਾ ਪਹੁੰਚਿਆ ਅਤੇ ਕੈਨੇਡਾ ਸਰਕਾਰ ਨੇ ਉਸ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ, ਜਦਕਿ ਉਸ ਨੂੰ ਇਹ ਦੱਸਿਆ ਗਿਆ ਸੀ ਕਿ ਉਹ ਕਤਲ ਅਤੇ ਹੋਰ ਅੱਤਵਾਦੀ ਮਾਮਲਿਆਂ ਸਮੇਤ 12 ਤੋਂ ਵੱਧ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ। ਸੂਤਰਾਂ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ ਕਿ ਨਿੱਝਰ 1997 ’ਚ ‘ਰਵੀ ਸ਼ਰਮਾ’ ਦੇ ਨਾਂ ’ਤੇ ਫਰਜ਼ੀ ਪਾਸਪੋਰਟ ਬਣਾ ਕੇ ਕੈਨੇਡਾ ਗਿਆ ਸੀ। ਨਿੱਝਰ ਨੇ ਇਹ ਦਾਅਵਾ ਕਰਦੇ ਹੋਏ ਕੈਨੇਡਾ ’ਚ ਸ਼ਰਨ ਲਈ ਅਰਜ਼ੀ ਦਿੱਤੀ ਸੀ ਕਿ ਉਸ ਨੂੰ ਭਾਰਤ ’ਚ ਮਾਨਸਿਕ ਪ੍ਰੇਸ਼ਾਨੀ ਤੋਂ ਡਰ ਹੈ, ਕਿਉਂਕਿ ਉਹ ਇਕ ‘ਖਾਸ ਸਮਾਜਿਕ ਸਮੂਹ’ ਨਾਲ ਸਬੰਧ ਰੱਖਦਾ ਹੈ। ਹਾਲਾਂਕਿ ਨਿੱਝਰ ਦੀ ਇਸ ਅਰਜ਼ੀ ਨੂੰ ਖਾਰਿਜ ਕਰ ਦਿੱਤਾ ਗਿਆ ਸੀ ਪਰ ਉਸ ਦੇ ਦਾਅਵੇ ਨੂੰ ਖਾਰਿਜ ਕੀਤੇ ਜਾਣ ਤੋਂ 11 ਦਿਨ ਬਾਅਦ ਉਸ ਨੇ ਉਸ ਔਰਤ ਨਾਲ ਵਿਆਹ ਕਰ ਲਿਆ ਜਿਸ ਨੇ ਉਸ ਨੂੰ ਇਮੀਗ੍ਰੇਸ਼ਨ ’ਚ ਮਦਦ ਕੀਤੀ ਸੀ। ਇਸ ਅਰਜ਼ੀ ਨੂੰ ਵੀ ਕੈਨੇਡਾ ’ਚ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਰੱਦ ਕਰ ਦਿੱਤਾ ਗਿਆ ਸੀ।
ਨਿੱਝਰ ਨੇ ਇਸ ਦੇ ਖ਼ਿਲਾਫ਼ ਕੈਨੇਡਾ ਦੀਆਂ ਅਦਾਲਤਾਂ ’ਚ ਅਪੀਲ ਕੀਤੀ ਅਤੇ ਉਹ ਖੁਦ ਨੂੰ ਕੈਨੇਡਾ ਦਾ ਨਾਗਰਿਕ ਹੋਣ ਦਾ ਦਾਅਵਾ ਕਰਦਾ ਰਿਹਾ। ਬਾਅਦ ’ਚ ਉਸ ਨੂੰ ਕੈਨੇਡਾ ਦੀ ਨਾਗਰਿਕਤਾ ਦਿੱਤੀ ਗਈ ਸੀ, ਜਿਸ ਦੇ ਹਾਲਾਤ ਸਪੱਸ਼ਟ ਨਹੀਂ ਹਨ। ਨਵੰਬਰ 2014 ’ਚ ਉਸ ਦੇ ਖ਼ਿਲਾਫ਼ ਇਕ ‘ਇੰਟਰਪੋਲ ਰੈੱਡ ਕਾਰਨਰ ਨੋਟਿਸ’ ਜਾਰੀ ਕੀਤਾ ਗਿਆ ਸੀ। ਨਿੱਝਰ ਦੇ ਖਿਲਾਫ ਭਾਰਤ ’ਚ ਕਤਲ ਅਤੇ ਹੋਰ ਅੱਤਵਾਦੀ ਗਤੀਵਿਧੀਆਂ ਦੇ 12 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਸਨ। ਮਾਮਲਿਆਂ ਦਾ ਵੇਰਵਾ ਕੈਨੇਡੀਅਨ ਅਧਿਕਾਰੀਆਂ ਨਾਲ ਸਾਂਝੀ ਕੀਤਾ ਗਿਆ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8