ਭਾਰਤ-ਕੈਨੇਡਾ ਰਿਸ਼ਤਿਆਂ ’ਚ ਫਿਰ ‘ਲਾਰੈਂਸ’ ਦਾ ਕੰਡਾ ! ਲੀਕ ਹੋਈ ਗੁਪਤ ਰਿਪੋਰਟ ’ਚ ਭਾਰਤੀ ਏਜੰਟ ਹੋਣ ਦਾ ਦਾਅਵਾ
Thursday, Jan 15, 2026 - 09:15 AM (IST)
ਇੰਟਰਨੈਸ਼ਨਲ ਡੈਸਕ- ਭਾਰਤ-ਕੈਨੇਡਾ ਰਿਸ਼ਤਿਆਂ ਵਿਚਾਲੇ ਇਕ ਵਾਰ ਫਿਰ ਤਣਾਅ ਵਧਣ ਦੇ ਸੰਕੇਤ ਮਿਲੇ ਹਨ। ਕੈਨੇਡਾ ਦੀ ਰਾਇਲ ਕੈਨੇਡੀਅਨ ਮਾਊਂਟਿਡ ਪੁਲਸ ਨਾਲ ਜੁੜੀ ਇਕ ਕਥਿਤ ਗੁਪਤ ਰਿਪੋਰਟ ਦੇ ਲੀਕ ਹੋਏ 3 ਪੰਨਿਆਂ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਕੈਨੇਡੀਅਨ ਮੀਡੀਆ ਸੰਸਥਾ ‘ਗਲੋਬਲ ਨਿਊਜ਼’ ਨੇ ਇਨ੍ਹਾਂ ਦਸਤਾਵੇਜ਼ਾਂ ਦੇ ਆਧਾਰ ’ਤੇ ਦਾਅਵਾ ਕੀਤਾ ਹੈ ਕਿ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦਾ ਨੈੱਟਵਰਕ ਭਾਰਤ ਸਰਕਾਰ ਲਈ ਕੰਮ ਕਰ ਰਿਹਾ ਹੈ।
ਰਿਪੋਰਟ ਅਨੁਸਾਰ ਆਰ.ਸੀ.ਐੱਮ.ਪੀ. ਦੀ ਕੌਮੀ ਸੁਰੱਖਿਆ ਸ਼ਾਖਾ ਵੱਲੋਂ ਤਿਆਰ ਕੀਤੇ ਗਏ ਇਸ ਦਸਤਾਵੇਜ਼ ਵਿਚ ਬਿਸ਼ਨੋਈ ਗੈਂਗ ਨੂੰ ਇਕ ‘ਹਿੰਸਕ ਕੌਮਾਂਤਰੀ ਅਪਰਾਧਕ ਸੰਗਠਨ’ ਦੱਸਿਆ ਗਿਆ ਹੈ, ਜਿਸ ਦੀਆਂ ਸਰਗਰਮੀਆਂ ਕੈਨੇਡਾ ਸਮੇਤ ਕਈ ਦੇਸ਼ਾਂ ਵਿਚ ਫੈਲੀਆਂ ਹੋਈਆਂ ਹਨ। ਹਾਲਾਂਕਿ ਦਸਤਾਵੇਜ਼ਾਂ ਵਿਚ ਵਰਤੀ ਗਈ ਭਾਸ਼ਾ ਨੂੰ ਲੈ ਕੇ ਸਵਾਲ ਉਠਾਏ ਜਾ ਰਹੇ ਹਨ ਅਤੇ ਆਲੋਚਕਾਂ ਦਾ ਕਹਿਣਾ ਹੈ ਕਿ ਇਸ ਵਿਚ ਕਈ ਦਾਅਵੇ ‘ਕਥਿਤ ਤੌਰ ’ਤੇ’ ਵਰਗੇ ਸ਼ਬਦਾਂ ਨਾਲ ਕੀਤੇ ਗਏ ਹਨ।
ਰਿਪੋਰਟ ਵਿਚ 18 ਜੂਨ 2023 ਨੂੰ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸੰਸਦ ਵਿਚ ਇਸ ਕਤਲ ਵਿਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਦਾ ਦੋਸ਼ ਲਾ ਚੁੱਕੇ ਹਨ। ਰਿਪੋਰਟ ਮੁਤਾਬਕ ਮਈ 2024 ਵਿਚ ਹੋਈਆਂ ਕੁਝ ਗ੍ਰਿਫ਼ਤਾਰੀਆਂ ਨੂੰ ਵੀ ਇਸੇ ਕਥਿਤ ਨੈੱਟਵਰਕ ਨਾਲ ਜੋੜ ਕੇ ਦੇਖਿਆ ਗਿਆ ਹੈ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਐਬੇ ਨੇ ਜੂਨ 2025 ਵਿਚ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੰਗਠਨ ਐਲਾਨੇ ਜਾਣ ਦੀ ਮੰਗ ਵੀ ਕੀਤੀ ਸੀ।
ਇਹ ਵੀ ਪੜ੍ਹੋ- ਸਿੱਖ ਧੀ ਨਾਲ ਗੈਂਗਰੇਪ ! ਪਾਕਿਸਤਾਨੀ ਗੈਂਗ ਖ਼ਿਲਾਫ਼ ਲੰਡਨ ਪੁਲਸ ਦੀ ਚੁੱਪੀ ਤੋਂ ਭੜਕਿਆ ਸਿੱਖ ਭਾਈਚਾਰਾ
ਕੈਨੇਡੀਅਨ ਪੁਲਸ ਦੀ ਰਿਪੋਰਟ ’ਤੇ ਸਿੱਖ ਜਥੇਬੰਦੀਆਂ ਨੇ ਜਤਾਇਆ ਵਿਰੋਧ
ਇਸ ਰਿਪੋਰਟ ਸਬੰਧੀ ਕੈਨੇਡਾ ਦੀਆਂ ਸਿੱਖ ਜਥੇਬੰਦੀਆਂ ਨੇ ਸਰਕਾਰ ’ਤੇ ਸਵਾਲ ਖੜ੍ਹੇ ਕੀਤੇ ਹਨ। ‘ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ਼ ਕੈਨੇਡਾ’ ਦੇ ਬੁਲਾਰੇ ਬਲਪ੍ਰੀਤ ਸਿੰਘ ਨੇ ਦੋਸ਼ ਲਾਇਆ ਹੈ ਕਿ ਕੈਨੇਡੀਅਨ ਸਰਕਾਰ ਸਿਆਸੀ ਤੇ ਵਪਾਰਕ ਹਿੱਤਾਂ ਕਾਰਨ ਭਾਰਤ ਤੇ ਬਿਸ਼ਨੋਈ ਗੈਂਗ ਦੇ ਕਥਿਤ ਸਬੰਧਾਂ ਨੂੰ ਲੈ ਕੇ ਸਖ਼ਤ ਰੁਖ਼ ਨਹੀਂ ਅਪਣਾ ਰਹੀ। ਉਨ੍ਹਾਂ ਅਨੁਸਾਰ ਇਸ ਨਾਲ ਕੈਨੇਡਾ ਵਿਚ ਰਹਿ ਰਹੇ ਸਿੱਖ ਭਾਈਚਾਰੇ ਵਿਚ ਅਸੁਰੱਖਿਆ ਦੀ ਭਾਵਨਾ ਵਧ ਰਹੀ ਹੈ।
ਨਿੱਝਰ ਕਤਲ ਕਾਂਡ : ਫਰਵਰੀ 2026 ’ਚ ਅਗਲੀ ਸੁਣਵਾਈ
ਨਿੱਝਰ ਕਤਲ ਕਾਂਡ ਨਾਲ ਜੁੜੇ ਚਾਰੋਂ ਮੁਲਜ਼ਮਾਂ ਖ਼ਿਲਾਫ਼ ਨਿਆਇਕ ਪ੍ਰਕਿਰਿਆ ਫਰਵਰੀ 2026 ਵਿਚ ਅੱਗੇ ਵਧੇਗੀ। ਅਦਾਲਤ ਤੋਂ ਮਿਲੀ ਜਾਣਕਾਰੀ ਅਨੁਸਾਰ 11 ਫਰਵਰੀ ਨੂੰ ਨਿਊ ਵੈਸਟਮਿੰਸਟਰ ਸਥਿਤ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਵਿਚ ਪ੍ਰੀ-ਟ੍ਰਾਇਲ ਕਾਨਫਰੰਸ ਹੋਵੇਗੀ। ਇਸ ਤੋਂ ਬਾਅਦ 12 ਫਰਵਰੀ ਨੂੰ ਚਾਰੋਂ ਮੁਲਜ਼ਮਾਂ ਅਮਨਦੀਪ ਸਿੰਘ, ਕਰਨ ਬਰਾੜ, ਕਮਲਪ੍ਰੀਤ ਸਿੰਘ ਤੇ ਕਰਨਪ੍ਰੀਤ ਸਿੰਘ ਦੇ ਮੁੜ ਅਦਾਲਤ ਵਿਚ ਪੇਸ਼ ਹੋਣ ਦੀ ਸੰਭਾਵਨਾ ਹੈ। ਕਾਨੂੰਨੀ ਮਾਹਿਰਾਂ ਅਨੁਸਾਰ ਇਹ ਪੜਾਅ ਮਾਮਲੇ ਦੀ ਅਗਲੀ ਦਿਸ਼ਾ ਤੈਅ ਕਰਨ ਵਿਚ ਅਹਿਮ ਮੰਨਿਆ ਜਾ ਰਿਹਾ ਹੈ।
ਇਹ ਵੀ ਪੁੜ੍ਹੋ- ਕੈਨੇਡਾ 'ਚ 2 ਪੰਜਾਬੀ ਮੁੰਡੇ ਤੇ 1 ਕੁੜੀ ਗ੍ਰਿਫ਼ਤਾਰ ! ਕਾਰਾ ਜਾਣ ਨਹੀਂ ਹੋਵੇਗਾ ਯਕੀਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
