ਜਨਾਨੀਆਂ ਦੇ ਬਾਥਰੂਮ 'ਚ ਲਾ'ਤਾ ਕੈਮਰਾ ! ਟੋਲ ਪਲਾਜ਼ਾ ਕਰਿੰਦਿਆਂ ਨੇ ਕੀਤੀ ਸ਼ਰਮਨਾਕ ਕਰਤੂਤ, ਭਖਿਆ ਮਾਮਲਾ
Thursday, Mar 05, 2026 - 04:00 PM (IST)
ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ 'ਚ ਮੇਰਠ-ਬਾਗਪਤ ਹਾਈਵੇਅ 'ਤੇ ਸਥਿਤ ਬਾਲੈਨੀ ਟੋਲ ਪਲਾਜ਼ਾ ਇੱਕ ਵੱਡੇ ਵਿਵਾਦ ਦੇ ਘੇਰੇ 'ਚ ਆ ਗਿਆ ਹੈ। ਟੋਲ ਪ੍ਰਬੰਧਨ 'ਤੇ ਨਾ ਸਿਰਫ਼ ਨਿਯਮਾਂ ਦੇ ਉਲਟ ਜਾ ਕੇ ਨਜਾਇਜ਼ ਵਸੂਲੀ ਕਰਨ ਦੇ ਦੋਸ਼ ਲੱਗੇ ਹਨ, ਸਗੋਂ ਮਹਿਲਾ ਬਾਥਰੂਮ 'ਚ CCTV ਕੈਮਰਾ ਲਗਾਉਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਲਾਕੇ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸੋਸ਼ਲ ਮੀਡੀਆ 'ਤੇ ਇਸ ਘਟਨਾ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਟੋਲ ਪ੍ਰਸ਼ਾਸਨ ਨੇ ਮਹਿਲਾ ਬਾਥਰੂਮ 'ਚ ਕੈਮਰਾ ਲਗਾਇਆ ਹੋਇਆ ਹੈ। ਸਥਾਨਕ ਨਿਵਾਸੀਆਂ ਅਤੇ ਪੀੜਤਾਂ ਦਾ ਕਹਿਣਾ ਹੈ ਕਿ ਅਜਿਹੀ ਸੰਵੇਦਨਸ਼ੀਲ ਜਗ੍ਹਾ 'ਤੇ ਕੈਮਰਾ ਲਗਾਉਣਾ ਔਰਤਾਂ ਦੀ ਗਰਿਮਾ ਅਤੇ ਨਿਜਤਾ ਦਾ ਸਿੱਧਾ ਉਲੰਘਣ ਹੈ।
ਨਜਾਇਜ਼ ਵਸੂਲੀ ਤੇ ਧੱਕੇਸ਼ਾਹੀ ਦੇ ਦੋਸ਼
ਇਸ ਮਾਮਲੇ ਦਾ ਖੁਲਾਸਾ ਉਦੋਂ ਹੋਇਆ, ਜਦੋਂ ਬਾਲੈਨੀ ਦੇ ਰਹਿਣ ਵਾਲੇ ਵਿਕਰਾਂਤ ਤਿਆਗੀ ਨੇ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਦੱਸਿਆ ਕਿ ਜਦੋਂ ਉਹ ਖੇਤ ਤੋਂ ਘਰ ਪਰਤ ਰਹੇ ਸਨ, ਤਾਂ ਟੋਲ ਕਰਮਚਾਰੀਆਂ ਨੇ ਪਲਾਜ਼ਾ ਤੋਂ ਕਰੀਬ 500 ਮੀਟਰ ਦੂਰ ਉਨ੍ਹਾਂ ਦੀ ਗੱਡੀ ਰੋਕ ਲਈ। ਦੋਸ਼ ਹੈ ਕਿ ਕਰਮਚਾਰੀਆਂ ਨੇ ਜਬਰਨ ਗੱਡੀ ਦੀ ਫੋਟੋ ਖਿੱਚੀ ਅਤੇ ਨਜਾਇਜ਼ ਤਰੀਕੇ ਨਾਲ ਟੋਲ ਕੱਟ ਲਿਆ। ਇਸ ਤੋਂ ਇਲਾਵਾ ਟੋਲ ਰਸੀਦ 'ਤੇ ਸਮੇਂ ਦੀ ਹੇਰਾਫੇਰੀ ਵੀ ਦੇਖਣ ਨੂੰ ਮਿਲੀ ਹੈ; ਘਟਨਾ ਸਵੇਰੇ 11:30 ਵਜੇ ਦੀ ਹੈ ਪਰ ਰਸੀਦ 'ਤੇ ਰਾਤ ਦੇ 8:46 ਵਜੇ ਦਾ ਸਮਾਂ ਦਰਜ ਸੀ।
ਪੁਲਸ ਦੀ ਕਾਰਵਾਈ
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਬਾਲੈਨੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਸ਼ਿਕਾਇਤ ਪ੍ਰਾਪਤ ਹੋ ਗਈ ਹੈ ਅਤੇ CCTV ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਜੇਕਰ ਮਹਿਲਾ ਬਾਥਰੂਮ ਵਿੱਚ ਕੈਮਰਾ ਲਗਾਉਣ ਜਾਂ ਗੈਰ-ਕਾਨੂੰਨੀ ਵਸੂਲੀ ਦੀ ਪੁਸ਼ਟੀ ਹੁੰਦੀ ਹੈ, ਤਾਂ ਦੋਸ਼ੀ ਕਰਮਚਾਰੀਆਂ ਅਤੇ ਪ੍ਰਬੰਧਨ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
