ਅਮਰੀਕੀ ਨਾਗਰਿਕਾਂ ਨਾਲ ਠੱਗੀ ਕਰਨ ਵਾਲੇ ਕਾਲ ਸੈਂਟਰ ਦਾ ਪਰਦਾਫਾਸ਼, 7 ਗ੍ਰਿਫ਼ਤਾਰ

Sunday, Apr 10, 2022 - 05:55 PM (IST)

ਅਮਰੀਕੀ ਨਾਗਰਿਕਾਂ ਨਾਲ ਠੱਗੀ ਕਰਨ ਵਾਲੇ ਕਾਲ ਸੈਂਟਰ ਦਾ ਪਰਦਾਫਾਸ਼, 7 ਗ੍ਰਿਫ਼ਤਾਰ

ਗਵਾਲੀਅਰ (ਭਾਸ਼ਾ)- ਮੱਧ ਪ੍ਰਦੇਸ਼ ਪੁਲਸ ਨੇ ਗਵਾਲੀਅਰ 'ਚ ਇਕ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਹੈ ਜੋ ਕਰਜ਼ਾ ਦੇਣ ਦੇ ਬਹਾਨੇ ਅਮਰੀਕੀ ਨਾਗਰਿਕਾਂ ਨੂੰ ਕਥਿਤ ਤੌਰ 'ਤੇ ਠੱਗ ਰਿਹਾ ਸੀ। ਇਸ ਸਬੰਧ 'ਚ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗਵਾਲੀਅਰ 'ਚ ਇਸ ਕਾਲ ਸੈਂਟਰ ਨੂੰ ਗੁਜਰਾਤ ਦੇ ਅਹਿਮਦਾਬਾਦ ਦਾ ਇਕ ਵਿਅਕਤੀ ਚਲਾ ਰਿਹਾ ਸੀ। ਵਧੀਕ ਪੁਲਸ ਸੁਪਰਡੈਂਟ ਰਾਜੇਸ਼ ਦੰਡੋਤੀਆ ਨੇ ਐਤਵਾਰ ਨੂੰ ਦੱਸਿਆ ਕਿ ਪੁਲਸ ਦੇ ਸਾਈਬਰ ਸੈੱਲ ਨੂੰ ਸੂਚਨਾ ਮਿਲੀ ਸੀ ਕਿ ਗਵਾਲੀਅਰ ਦੇ ਆਨੰਦ ਨਗਰ ਇਲਾਕੇ 'ਚ ਇਕ ਫਰਜ਼ੀ ਅੰਤਰਰਾਸ਼ਟਰੀ ਅਮਰੀਕੀ ਕਾਲ ਸੈਂਟਰ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸੂਚਨਾ ਦੇ ਆਧਾਰ 'ਤੇ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਸਥਾਨਕ ਪੁਲਸ ਨਾਲ ਮਿਲ ਕੇ ਆਨੰਦ ਨਗਰ ਸਥਿਤ ਘਰ 'ਚ ਛਾਪੇਮਾਰੀ ਕੀਤੀ। ਘਰ ਦੇ ਅੰਦਰ 6 ਨੌਜਵਾਨ ਅਤੇ ਇਕ ਲੜਕੀ ਲੈਪਟਾਪ ਰਾਹੀਂ ਵਿਦੇਸ਼ੀ ਗਾਹਕਾਂ ਨਾਲ ਗੱਲ ਕਰ ਰਹੇ ਸਨ। ਦੰਡੋਤੀਆ ਨੇ ਦੱਸਿਆ ਕਿ ਪੁੱਛ-ਗਿੱਛ ਦੌਰਾਨ ਪਤਾ ਲੱਗਾ ਕਿ ਇਸ ਕਾਲ ਸੈਂਟਰ ਨੂੰ ਅਹਿਮਦਾਬਾਦ (ਗੁਜਰਾਤ) ਦਾ ਰਹਿਣ ਵਾਲਾ ਵਿਅਕਤੀ ਆਪਣੇ ਸਹਾਇਕ ਨਾਲ ਮਿਲ ਕੇ ਚਲਾ ਰਿਹਾ ਹੈ। ਉਕਤ ਮਕਾਨ ਉਸ ਨੇ ਕਾਲ ਸੈਂਟਰ ਚਲਾਉਣ ਲਈ ਕਿਰਾਏ 'ਤੇ ਲਿਆ ਹੋਇਆ ਹੈ।

ਇਹ ਸਾਰੇ ਲੋਕ "ਲੈਂਡਿੰਗ ਕਲੱਬ ਅਮਰੀਕਨ ਕੰਪਨੀ" (ਲੈਂਡਿੰਗ ਕਲੱਬ ਅਮਰੀਕਨ ਕੰਪਨੀ) ਦੇ ਏਜੰਟ ਵਜੋਂ ਜ਼ੂਮ ਐਪ ਸਾਫਟਵੇਅਰ ਰਾਹੀਂ ਵਿਦੇਸ਼ੀ ਗਾਹਕਾਂ ਨਾਲ ਗੱਲ ਕਰਦੇ ਸਨ। ਉਨ੍ਹਾਂ ਦੱਸਿਆ ਕਿ ਕਾਲ ਸੈਂਟਰ ਦੇ ਮਾਲਕ ਨੇ ਵਿਦੇਸ਼ੀਆਂ ਦੇ ਫ਼ੋਨ ਨੰਬਰ ਦਿੱਤੇ ਹੋਏ ਸਨ, ਜਿਨ੍ਹਾਂ 'ਤੇ ਕਰਜ਼ਾ ਦਿਵਾਉਣ ਦੇ ਬਹਾਨੇ ਉਨ੍ਹਾਂ ਦੇ ਸਕਿਊਰਟੀ ਨੰਬਰ ਅਤੇ ਬੈਂਕ ਨਾਲ ਸਬੰਧਤ ਜਾਣਕਾਰੀ ਹਾਸਲ ਕਰ ਲੈਂਦੇ ਹਨ ਅਤੇ ਉਸ ਨੂੰ ਤਸਦੀਕ ਕਰਨ ਦੇ ਨਾਂਅ 'ਤੇ ਉਨ੍ਹਾਂ ਤੋਂ ਕਮਿਸ਼ਨ ਦੇ ਰੂਪ 'ਚ ਅੰਤਰਰਾਸ਼ਟਰੀ ਤੋਹਫ਼ੇ ਵਾਊਚਰ ਜਿਵੇਂ ਕਿ Google Play Card, American Express, Best Buy, Apple, Banila Bija ਆਦਿ ਲੈ ਲਿਆ ਕਰਦੇ ਹਨ। ਉਪਰੋਕਤ ਤੋਹਫ਼ੇ ਵਾਊਚਰ ਨੂੰ ਸਾਡੇ ਮਾਲਕਾਂ ਵਲੋਂ ਨਕਦ/ਖਰੀਦਦਾਰੀ 'ਚ ਬਦਲ ਲਿਆ ਜਾਂਦਾ ਹੈ। ਦੰਡੋਤੀਆ ਨੇ ਦੱਸਿਆ ਕਿ ਪੁਲਸ ਨੇ ਜਾਅਲੀ ਕਾਲ ਸੈਂਟਰ 'ਤੇ ਕੰਮ ਕਰਦੇ 6 ਲੜਕਿਆਂ ਅਤੇ ਇਕ ਲੜਕੀ ਦੇ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 419, 420, 34 ਅਤੇ ਆਈ.ਟੀ. ਐਕਟ ਦੀ 66ਡੀ ਤਹਿਤ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਫਰਜ਼ੀ ਕਾਲ ਸੈਂਟਰ ਤੋਂ 9 ਲੈਪਟਾਪ, 7 ਹੈੱਡਫੋਨ, 12 ਮੋਬਾਈਲ ਫੋਨ, ਅਮਰੀਕੀ ਨਾਗਰਿਕਾਂ ਨਾਲ ਧੋਖਾਧੜੀ ਕਰਨ ਲਈ ਲਿਖਤੀ ਸਮੱਗਰੀ (ਅੰਗਰੇਜ਼ੀ ਵਿਚ), ਵਿਦੇਸ਼ੀ ਗਾਹਕਾਂ ਦੇ ਵੇਰਵੇ ਅਤੇ ਹੋਰ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਦੰਡੋਤੀਆ ਨੇ ਦੱਸਿਆ ਕਿ ਫਿਲਹਾਲ ਕਾਲ ਸੈਂਟਰ ਦੇ ਸੰਚਾਲਕ ਦੀ ਭਾਲ ਕੀਤੀ ਜਾ ਰਹੀ ਹੈ।


author

DIsha

Content Editor

Related News