ਕਲਕੱਤਾ ਹਾਈ ਕੋਰਟ ਨੇ ਲਗਾਈ ਭੜਕਾਊ ਭਾਸ਼ਣਾਂ ’ਤੇ ਰੋਕ
Friday, Apr 18, 2025 - 12:12 AM (IST)

ਕੋਲਕਾਤਾ–ਕਲਕੱਤਾ ਹਾਈ ਕੋਰਟ ਨੇ ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲੇ ’ਚ ਵਕਫ ਕਾਨੂੰਨ ਦੇ ਖਿਲਾਫ ਵਿਖਾਵੇ ਦੌਰਾਨ ਵੱਡੇ ਪੱਧਰ ’ਤੇ ਹੋਈ ਹਿੰਸਾ ਅਤੇ ਤੋੜ-ਭੰਨ ਤੋਂ ਬਾਅਦ ਵੀਰਵਾਰ ਨੂੰ ਭੜਕਾਊ ਭਾਸ਼ਣਾਂ ’ਤੇ ਪਾਬੰਦੀ ਲਾਉਣ ਦਾ ਹੁਕਮ ਦਿੱਤਾ। ਇਸ ਵਿਖਾਵੇ ਵਿਚ 3 ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਹ ਜਾਣਕਾਰੀ ਅਦਾਲਤ ਦੇ ਸੂਤਰਾਂ ਨੇ ਦਿੱਤੀ।
ਜਸਟਿਸ ਸੌਮੇਨ ਸੇਨ ਤੇ ਰਾਜਾ ਬਸੂ ਚੌਧਰੀ ਦੀ ਬੈਂਚ ਨੇ ਕੇਂਦਰੀ ਫੋਰਸਾਂ ਦੇ ਵਿਸਤਾਰ ’ਤੇ ਇਕ ਪਟੀਸ਼ਨ ਉੱਪਰ ਸੁਣਵਾਈ ਕਰਦੇ ਹੋਏ ਕੇਂਦਰੀ ਫੋਰਸਾਂ ਨੂੰ ਅਜੇ ਹਿੰਸਾ ਪ੍ਰਭਾਵਿਤ ਜ਼ਿਲੇ ਵਿਚ ਰਹਿਣ ਦਾ ਹੁਕਮ ਦਿੱਤਾ।
ਮੁਰਸ਼ਿਦਾਬਾਦ ’ਚ ਕੇਂਦਰੀ ਹਥਿਆਰਬੰਦ ਫੋਰਸਾਂ ਦੀਆਂ ਲਗਭਗ 17 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਬੈਂਚ ਨੇ ਸੂਬਾ ਸਰਕਾਰ ਨੂੰ ਹਿੰਸਾ ਦੀ ਜਾਂਚ ਕਰਨ ਅਤੇ ਆਪਣੇ ਘਰਾਂ ਤੋਂ ਭੱਜੇ ਲੋਕਾਂ ਦੇ ਮੁੜ-ਵਸੇਬੇ ਲਈ ਇਕ ਟੀਮ ਬਣਾਉਣ ਦਾ ਹੁਕਮ ਦਿੱਤਾ। ਹਿੰਸਾ ਤੋਂ ਪ੍ਰਭਾਵਿਤ ਪਰਿਵਾਰਾਂ ਦੇ ਮੁੜ-ਵਸੇਬੇ ਦੀ ਸਹੂਲਤ ਲਈ ਇਕ ਕਮੇਟੀ ਦਾ ਗਠਨ ਕੀਤਾ ਜਾਵੇਗਾ।