CAA : ਮੌਜਪੁਰ ''ਚ ਹਿੰਸਾ ਦਰਮਿਆਨ ਗੋਲੀ ਲੱਗਣ ਨਾਲ ਦਿੱਲੀ ਪੁਲਸ ਦੇ ਹੈੱਡ ਕਾਂਸਟੇਬਲ ਦੀ ਮੌਤ
Monday, Feb 24, 2020 - 06:54 PM (IST)
ਨਵੀਂ ਦਿੱਲੀ— ਦਿੱਲੀ ਦੇ ਮੌਜਪੁਰ 'ਚ ਹਾਲਾਤ ਤਣਾਅਪੂਰਨ ਹੋ ਗਏ ਹਨ। ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਵਿਰੁੱਧ ਪ੍ਰਦਰਸ਼ਨ ਕਰ ਰਹੇ ਲੋਕ ਅਤੇ ਸਮਰਥਕ ਸਾਹਮਣੇ-ਸਾਹਮਣੇ ਹਨ। ਹਿੰਸਾ ਦੌਰਾਨ ਦਿੱਲੀ ਪੁਲਸ ਦੇ ਹੈੱਡ ਕਾਂਸਟੇਬਲ ਰਤਨ ਲਾਲ ਦੀ ਮੌਤ ਹੋ ਗਈ। ਉਹ ਏ.ਸੀ.ਪੀ. ਗੋਕੁਲਪੁਰੀ ਦਫ਼ਤਰ 'ਚ ਤਾਇਨਾਤ ਸਨ।
ਦਰਅਸਲ, ਸੀ.ਏ.ਏ. ਨੂੰ ਲੈ ਕੇ 2 ਪੱਖਾਂ 'ਚ ਜ਼ਬਰਦਸਤ ਟੱਕਰ ਹੋ ਗਈ। ਸੀ.ਏ.ਏ. ਦੇ ਸਮਰਥਕ ਅਤੇ ਵਿਰੋਧੀ ਮੌਜਪੁਰ 'ਚ ਆਪਸ 'ਚ ਭਿੜ ਗਏ। ਦੋਹਾਂ ਨੇ ਇਕ-ਦੂਜੇ 'ਤੇ ਪੱਥਰਬਾਜ਼ੀ ਕੀਤੀ। ਇੱਥੇ ਤੱਕ ਕਿ ਗੋਲੀਬਾਰੀ ਵੀ ਹੋਈ। ਦੁਪਹਿਰ 11 ਵਜੇ ਸ਼ੁਰੂ ਹੋਇਆ ਹੰਗਾਮਾ 2 ਵਜੇ ਤੱਕ ਚੱਲਦਾ ਰਿਹਾ। ਹਾਲਾਤ ਬੇਕਾਬੂ ਹੋਏ ਤਾਂ ਪੁਲਸ ਨੂੰ ਵੀ ਐਕਸ਼ਨ ਲੈਣਾ ਪਿਆ। ਇਸ ਲੜਾਈ 'ਚ ਪ੍ਰਦਰਸ਼ਨਕਾਰੀਆਂ ਨੇ ਕਈ ਘਰ ਵੀ ਸਾੜ ਦਿੱਤੇ ਹਨ। ਫਿਲਹਾਲ ਇਲਾਕੇ 'ਚ ਤਣਾਅ ਬਣਿਆ ਹੋਇਆ ਹੈ।
ਇਸ ਦਰਮਿਆਨ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਿੱਲੀ ਵਾਲਿਆਂ ਤੋਂ ਸ਼ਾਂਤੀ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਕਿ ਸਾਰੇ ਦਿੱਲੀ ਵਾਸੀਆਂ ਨੂੰ ਅਪੀਲ ਹੈ ਕਿ ਸ਼ਾਂਤੀ ਬਣਾਏ ਰੱਖਣ। ਹਿੰਸਾ 'ਚ ਸਾਰਿਆਂ ਦਾ ਨੁਕਸਾਨ ਹੈ। ਹਿੰਸਾ ਦੀ ਅੱਗ ਸਾਰਿਆਂ ਨੂੰ ਅਜਿਹਾ ਨੁਕਸਾਨ ਪਹੁੰਚਾਉਂਦੀ ਹੈ, ਜਿਸ ਦੀ ਭਰਪਾਈ ਕਦੇ ਨਹੀਂ ਹੋ ਪਾਉਂਦੀ।