CAA-NRC ਵਿਰੁੱਧ ਲਖਨਊ ''ਚ ਵੀ ਔਰਤਾਂ ਦਾ ਬੱਚਿਆਂ ਸਮੇਤ ਪ੍ਰਦਰਸ਼ਨ

01/18/2020 12:01:19 PM

ਲਖਨਊ— ਦਿੱਲੀ ਦੇ ਸ਼ਾਹੀਨ ਬਾਗ ਦੀ ਤਰਜ 'ਤੇ ਹੁਣ ਪੁਰਾਣੇ ਲਖਨਊ 'ਚ ਵੀ ਔਰਤਾਂ ਅਤੇ ਬੱਚਿਆਂ ਨੇ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਅਤੇ ਰਾਸ਼ਟਰੀ ਨਾਗਰਿਕਤਾ ਰਜਿਸਟਰ (ਐੱਨ.ਆਰ.ਸੀ.) ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਹੱਥਾਂ 'ਚ ਸੀ.ਏ.ਏ. ਅਤੇ ਐੱਨ.ਆਰ.ਸੀ. ਵਾਪਸ ਲੈਣ ਸੰਬੰਧੀ ਨਾਅਰੇ ਲਿਖੇ ਬੈਨਰ ਅਤੇ ਤਖਤੀਆਂ ਲਏ ਕਰੀਬ 50 ਔਰਤਾਂ ਅਤੇ ਬੱਚਿਆਂ ਨੇ ਸ਼ੁੱਕਰਵਾਰ ਸ਼ਾਮ ਤੋਂ ਪੁਰਾਣੇ ਲਖਨਊ ਦੇ ਸਥਿਤ ਘੰਟਾਘਰ 'ਚ ਸ਼ਾਂਤੀਪੂਰਨ ਪ੍ਰਦਰਸ਼ਨ ਸ਼ਰੂ ਕੀਤਾ, ਜੋ ਹਾਲੇ ਜਾਰੀ ਹੈ। ਇਸ ਪ੍ਰਦਰਸ਼ਨ ਦੀ ਜਾਣਕਾਰੀ ਮਿਲਣ 'ਤੇ ਪੁਲਸ ਕਮਿਸ਼ਨਰ ਸੁਜੀਤ ਪਾਂਡੇ ਆਪਣੇ ਅਧਿਕਾਰੀਆਂ ਨਾਲ ਮੌਕੇ 'ਤੇ ਪੁੱਜੇ ਅਤੇ ਔਰਤਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਔਰਤਾਂ ਨੇ ਮੰਗ ਪੂਰੀ ਨਾ ਹੋਣ ਤੱਕ ਆਪਣਾ ਪ੍ਰਦਰਸ਼ਨ ਖਤਮ ਕਰਨ ਤੋਂ ਮਨ੍ਹਾ ਕਰ ਦਿੱਤਾ।

ਘੰਟਾਘਰ ਦੀ ਬਿਜਲੀ ਕੱਟ ਦਿੱਤੀ ਗਈ
ਪ੍ਰਦਰਸ਼ਨ ਕਰ ਰਹੀਆਂ ਔਰਤਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਇਸ ਪ੍ਰੋਗਰਾਮ 'ਚ ਰੁਕਾਵਟ ਪਾਉਣ ਲਈ ਰਾਤ ਨੂੰ ਘੰਟਾਘਰ ਦੀ ਬਿਜਲੀ ਕੱਟ ਦਿੱਤੀ ਗਈ ਅਤੇ ਜ਼ਬਰਦਸਤ ਠੰਡ ਤੋਂ ਬਚਾਅ ਲਈ ਉਨ੍ਹਾਂ ਨੂੰ ਤੰਬੂ ਵੀ ਨਹੀਂ ਲਗਾਉਣ ਦਿੱਤਾ ਗਿਆ। ਫਿਲਹਾਲ ਇਨ੍ਹਾਂ ਮੁਸ਼ਕਲਾਂ ਦੇ ਬਾਵਜੂਦ ਔਰਤਾਂ ਅਤੇ ਬੱਚੇ ਉੱਥੇ ਬੈਠੇ ਰਹੇ ਅਤੇ ਉਨ੍ਹਾਂ ਦਾ ਪ੍ਰਦਰਸ਼ਨ ਸਵੇਰੇ ਵੀ ਜਾਰੀ ਰਿਹਾ। ਪ੍ਰਦਰਸ਼ਨ 'ਚ ਸ਼ਾਮਲ ਕੁੜੀ ਵਰੀਸ਼ਾ ਸਲੀਮ ਨੇ ਕਿਹਾ ਕਿ ਇਹ ਪ੍ਰਦਰਸ਼ਨ ਦਿੱਲੀ ਦੇ ਸ਼ਾਹੀਨ ਬਾਗ 'ਚ ਹੋ ਰਹੇ ਪ੍ਰਦਰਸ਼ਨ ਦੀ ਤਰਜ 'ਤੇ ਹੀ ਹੈ ਅਤੇ ਜਦੋਂ ਤੱਕ ਐੱਨ.ਆਰ.ਸੀ. ਅਤੇ ਸੀ.ਏ.ਏ. ਨੂੰ ਵਾਪਸ ਨਹੀਂ ਲਿਆ ਜਾਂਦਾ, ਉਦੋਂ ਤੱਕ ਇਹ ਜਾਰੀ ਰਹੇਗਾ।

PunjabKesariਸੀ.ਏ.ਏ. ਇਕ ਗੈਰ-ਸੰਵਿਧਾਨਕ ਕਾਨੂੰਨ ਹੈ 
ਪ੍ਰਦਰਸ਼ਨ ਕਰ ਰਹੀਆਂ ਔਰਤਾਂ ਦਾ ਸਮਰਥਨ ਕਰਨ ਪੁੱਜੀ ਸਮਾਜਿਕ ਵਰਕਰ ਸਦਫ ਜਾਫਰ ਨੇ ਕਿਹਾ ਕਿ ਸੀ.ਏ.ਏ. ਇਕ ਗੈਰ-ਸੰਵਿਧਾਨਕ ਕਾਨੂੰਨ ਹੈ ਅਤੇ ਇਹ ਦੇਸ਼ ਦੀ ਆਤਮਾ ਵਿਰੁੱਧ ਹੈ। ਉਨ੍ਹਾਂ ਨੇ ਕਿਹਾ ਕਿ ਰਾਜਧਾਨੀ ਲਖਨਊ 'ਚ ਸੀ.ਏ.ਏ. ਵਿਰੁੱਧ ਪ੍ਰਦਰਸ਼ਨ ਦੇ ਨਾਂ 'ਤੇ ਪੁਲਸ ਨੇ ਇਨ੍ਹਾਂ ਔਰਤਾਂ ਦੇ ਬੱਚਿਆਂ ਨੂੰ ਸੜਕਾਂ 'ਤੇ ਮਾਰਿਆ, ਘਰਾਂ 'ਚ ਜਾ ਕੇ ਭੰਨ-ਤੋੜ ਕੀਤੀ ਅਤੇ ਗੰਭੀਰ ਧਾਰਾਵਾਂ ਲਗਾ ਕੇ ਹਿਰਾਸਤ 'ਚ ਜ਼ੁਲਮ ਕੀਤਾ। ਅਜਿਹੇ 'ਚ ਔਰਤਾਂ ਨੇ ਕਿਹਾ ਹੈ ਕਿ ਹੁਣ ਉਹ ਦੇਖਣਗੀਆਂ ਕਿ ਪੁਲਸ ਉਨ੍ਹਾਂ ਦਾ ਦਮਨ ਕਰਨ ਲਈ ਕੀ ਤਰੀਕੇ ਅਪਣਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਸੀ.ਏ.ਏ. ਵਿਰੁੱਧ ਪ੍ਰਦਰਸ਼ਨਾਂ ਨੂੰ ਹਿੰਸਕ ਬਣਾ ਕੇ ਜਿਸ ਤਰ੍ਹਾਂ ਨਾਲ ਇਸ ਮੁੱਦੇ ਨੂੰ ਹਿੰਦੂ-ਮੁਸਲਿਮ ਦਾ ਰੰਗ ਦੇਣ ਦੀ ਕੋਸ਼ਿਸ਼ ਕੀਤੀ, ਉਸ ਦੇ ਮੱਦੇਨਜ਼ਰ ਔਰਤਾਂ ਇਹ ਦੱਸਣਾ ਚਾਹੁੰਦੀਆਂ ਹਨ ਕਿ ਸੀ.ਏ.ਏ. ਮੁਸਲਮਾਨਾਂ ਵਿਰੁੱਧ ਨਹੀਂ ਸਗੋਂ ਹਿੰਦੁਸਤਾਨੀਆਂ ਵਿਰੁੱਧ ਹੈ। ਸਦਫ ਨੇ ਕਿਹਾ ਕਿ ਭਾਰਤ ਵਰਗੇ ਵਿਸ਼ਾਲ ਲੋਕਤੰਤਰੀ ਅਤੇ ਧਰਮਨਿਰਪੱਖ ਦੇਸ਼ ਦੀ ਸਰਕਾਰ ਧਰਮ ਦੇ ਆਧਾਰ 'ਤੇ ਨਾਗਰਿਕਤਾ ਦੇਣ ਬਾਰੇ ਸੋਚ ਵੀ ਕਿਵੇਂ ਸਕਦੀ ਹੈ।


DIsha

Content Editor

Related News