ਜਾਮੀਆ ਹਿੰਸਾ ਕੇਸ ''ਚ ਯੂਨੀਵਰਸਿਟੀ ਵਿਦਿਆਰਥੀ ਆਸਿਫ ਗ੍ਰਿਫਤਾਰ
Monday, May 18, 2020 - 10:58 AM (IST)

ਨਵੀਂ ਦਿੱਲੀ- ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਦੇ ਵਿਰੋਧ 'ਚ 16 ਦਸੰਬਰ 2019 ਨੂੰ ਜਾਮੀਆ ਮਿਲੀਆ ਇਸਲਾਮੀਆ 'ਚ ਹਿੰਸਾ ਦੇਖੀ ਗਈ ਸੀ। ਹੁਣ ਇਸ ਮਾਮਲੇ 'ਚ ਦਿੱਲੀ ਪੁਲਸ ਨੇ ਐਤਵਾਰ ਨੂੰ ਜਾਮੀਆ ਮਿਲੀਆ ਇਸਲਾਮੀਆ ਦੇ ਤੀਜੇ ਸਾਲ ਦੇ ਗਰੈਜੂਏਟ ਵਿਦਿਆਰਥੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਅਨੁਸਾਰ ਆਸਿਫ ਇਕਬਾਲ ਤਨਹਾ ਫਾਰਸੀ ਭਾਸ਼ਾ 'ਚ ਬੀ.ਏ. ਦਾ ਵਿਦਿਆਰਥੀ ਹੈ। ਪੁਲਸ ਦਾ ਦੋਸ਼ ਹੈ ਕਿ ਆਸਿਫ਼ ਵਿਦਿਆਰਥੀ ਇਸਲਾਮੀ ਸੰਗਠਨ ਦਾ ਮੈਂਬਰ ਹੈ ਅਤੇ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਹੋਈ ਹਿੰਸਾ 'ਚ ਸ਼ਾਮਲ ਰਿਹਾ ਹੈ। 24 ਸਾਲਾ ਆਸਿਫ ਸ਼ਾਹੀਨ ਬਾਗ ਦਾ ਰਹਿਣ ਵਾਲਾ ਹੈ ਅਤੇ 16 ਦਸੰਬਰ 2019 ਨੂੰ ਦਿੱਲੀ ਪੁਲਸ ਰਾਹੀਂ ਦਰਜ ਮਾਮਲੇ 'ਚ ਉਸ ਨੂੰ ਦੋਸ਼ੀ ਬਣਾਇਆ ਗਿਆ ਹੈ।
ਦਿੱਲੀ ਪੁਲਸ ਅਨੁਸਾਰ,''ਆਸਿਫ ਜਾਮੀਆ ਕੋਆਰਡੀਨੇਸ਼ਨ ਕਮੇਟੀ (ਜੇ.ਸੀ.ਸੀ.) ਦੇ ਮੁੱਖ ਮੈਂਬਰ ਹਨ ਅਤੇ ਉਨ੍ਹਾਂ ਨੇ ਦਸੰਬਰ 2019 'ਚ ਜਾਮੀਆ 'ਚ ਹੋਏ ਵਿਰੋਧ ਪ੍ਰਦਰਸ਼ਨ ਅਤੇ ਹਿੰਸਾ ਦੇ ਆਯੋਜਨ 'ਚ ਸਰਗਰਮ ਭੂਮਿਕਾ ਨਿਭਾਈ ਹੈ। ਆਸਿਫ ਸੀ.ਏ.ਏ. ਵਿਰੋਧ ਅਤੇ ਹਿੰਸਾ 'ਚਸ਼ਾਮਲ ਮੁੱਖ ਮੈਂਬਰ ਉਮਰ ਖਾਲਿਦ, ਸ਼ਰਜੀਲ ਇਮਾਮ, ਮੀਰਾਨ ਹੈਦਰ ਅਤੇ ਸਫੁਰਾ ਦਾ ਕਰੀਬੀ ਸਹਿਯੋਗੀ ਹੈ।
ਇਸ ਮਾਮਲੇ 'ਚ ਸਾਕੇਤ ਮੈਜਿਸਟਰੇਟ ਕੋਰਟ ਨੇ ਆਸਿਫ ਨੂੰ 31 ਮਈ 2020 ਤੱਕ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ। ਉੱਥੇ ਹੀ ਆਸਿਫ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਜਾਮੀਆ ਦੇ ਵਿਦਿਆਰਥੀਆਂ ਨੇ ਕੇਂਦਰ 'ਤੇ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਏ ਜਾਣ ਦਾ ਦੋਸ਼ ਵੀ ਲਗਾਇਆ। ਜਿਸ ਕਾਰਨ ਵਿਦਿਆਰਥੀਆਂ ਨੇ #ReleaseAsifTanha ਤੋਂ ਸੋਸ਼ਲ ਮੀਡੀਆ 'ਤੇ ਮੁਹਿੰਮ ਵੀ ਸ਼ੁਰੂ ਕੀਤੀ ਹੈ।