ਸੀ.ਏ. ਇੰਟਰ ਤੇ ਫਾਈਨਲ ਦੇ ਨਤੀਜੇ ਜਾਰੀ, ਦੇਸ਼ ਨੂੰ ਮਿਲੇ ਹਜ਼ਾਰਾਂ ਨਵੇਂ CA

Thursday, Jul 11, 2024 - 03:03 PM (IST)

ਨਵੀਂ ਦਿੱਲੀ : ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਸੀ ਆਫ ਇੰਡੀਆ (ICAI) ਨੇ CA ਮਈ ਇੰਟਰਮੀਡੀਏਟ ਅਤੇ ਫਾਈਨਲ ਪ੍ਰੀਖਿਆ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ICAI ਨੇ ਨਤੀਜਾ ਜਾਰੀ ਕਰਨ ਦੀ ਜਾਣਕਾਰੀ ਦਿੰਦੇ ਹੋਏ ਅਧਿਕਾਰਤ ਵੈੱਬਸਾਈਟ 'ਤੇ ਇੱਕ ਨੋਟਿਸ ਜਾਰੀ ਕੀਤਾ ਹੈ। ਦਿੱਲੀ ਦੇ ਸ਼ਿਵਮ ਮਿਸ਼ਰਾ ਨੇ 500 ਵਿੱਚੋਂ 480 ਅੰਕ ਲੈ ਕੇ ਸੀ. ਏ. ਫਾਈਨਲ ਦੀ ਪ੍ਰੀਖਿਆ ਵਿੱਚ ਆਲ ਇੰਡੀਆ ਵਿੱਚ ਟਾਪ ਕੀਤਾ ਹੈ। ਦਿੱਲੀ ਦੀ ਵਰਸ਼ਾ ਅਰੋੜਾ ਨੇ ਦੂਜਾ ਸਥਾਨ ਹਾਸਲ ਕੀਤਾ ਹੈ। ਭਿਵਾੜੀ ਦੇ ਕੁਸ਼ਾਗਰ ਰਾਏ ਨੇ ਸੀ. ਏ. ਇੰਟਰਮੀਡੀਏਟ ਦੀ ਪ੍ਰੀਖਿਆ ਵਿੱਚ ਟਾਪ ਕੀਤਾ ਹੈ। ਕੁਸ਼ਾਗਰਾ ਨੇ ਸੀ. ਏ. ਇੰਟਰਮੀਡੀਏਟ ਦੀ ਪ੍ਰੀਖਿਆ ਵਿੱਚ 526 ਅੰਕ ਪ੍ਰਾਪਤ ਕੀਤੇ ਹਨ।PunjabKesari

ਇੰਝ ਕਰੋ ਨਤੀਜਾ ਚੈੱਕ

ਸਭ ਤੋਂ ਪਹਿਲਾਂ, ICAI ਦੀ ਵੈੱਬਸਾਈਟ icai.org 'ਤੇ ਜਾਓ ਅਤੇ ਹੋਮ ਪੇਜ 'ਤੇ ਨਤੀਜੇ ਟੈਬ 'ਤੇ ਕਲਿੱਕ ਕਰੋ। ਜਾਂ ਤੁਸੀਂ ICAI ਨਤੀਜੇ ਦੀ ਵੈੱਬਸਾਈਟ 'ਤੇ ਵੀ ਜਾ ਸਕਦੇ ਹੋ।

ICAI ਨਤੀਜਾ ਵੈੱਬਸਾਈਟ ਦੇ ਮੁੱਖ ਪੰਨੇ 'ਤੇ, CA ਇੰਟਰ ਨਤੀਜਾ ਮਈ 2024 ਅਤੇ CA ਫਾਈਨਲ ਨਤੀਜਾ ਮਈ 2024 ਦੇ ਦੋ ਲਿੰਕ ਦਿਖਾਈ ਦੇਣਗੇ। ਜਿਸ ਨਤੀਜੇ ਨੂੰ ਤੁਸੀਂ ਦੇਖਣਾ ਚਾਹੁੰਦੇ ਹੋ ਉਸ 'ਤੇ ਕਲਿੱਕ ਕਰੋ।

ਫਿਰ ਖੁੱਲ੍ਹਣ ਵਾਲੇ ਪੰਨੇ 'ਤੇ, ਆਪਣਾ ਰੋਲ ਨੰਬਰ, ਰਜਿਸਟ੍ਰੇਸ਼ਨ ਨੰਬਰ ਅਤੇ ਕੈਪਚਾ ਦਰਜ ਕਰੋ ਅਤੇ ਸਬਮਿਟ ਕਰੋ।

ਤੁਹਾਡੀ ICAI ਸਕੋਰਕਾਰਡ ਸਕ੍ਰੀਨ ਦਿਖਾਈ ਦੇਵੇਗੀ। ਇਸਨੂੰ ਡਾਊਨਲੋਡ ਕਰੋ।
PunjabKesari
 

3 ਲੱਖ ਤੋਂ ਵੱਧ ਉਮੀਦਵਾਰਾਂ ਨੇ ਦਿੱਤੀ ਸੀ ਪ੍ਰੀਖਿਆ

ਮਈ ਵਿੱਚ ਹੋਈ ਸੀਏ ਇੰਟਰਮੀਡੀਏਟ ਪ੍ਰੀਖਿਆ 2024 ਵਿੱਚ ਗਰੁੱਪ 1 ਵਿੱਚ ਕੁੱਲ 1 ਲੱਖ 17 ਹਜ਼ਾਰ 764 ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿੱਚੋਂ ਸਿਰਫ਼ 31 ਹਜ਼ਾਰ 978 ਉਮੀਦਵਾਰ ਹੀ ਪਾਸ ਹੋਏ ਸਨ। ਜਦੋਂ ਕਿ ਗਰੁੱਪ 2 ਦੀ ਪ੍ਰੀਖਿਆ ਵਿੱਚ 71 ਹਜ਼ਾਰ 145 ਉਮੀਦਵਾਰ ਬੈਠੇ ਸਨ, ਜਿਨ੍ਹਾਂ ਵਿੱਚੋਂ 13008 ਉਮੀਦਵਾਰ ਸਫ਼ਲ ਹੋਏ ਹਨ। ਸੀ. ਏ. ਫਾਈਨਲ ਪ੍ਰੀਖਿਆ 2024 ਵਿੱਚ, 74 ਹਜ਼ਾਰ 887 ਉਮੀਦਵਾਰਾਂ ਨੇ ਗਰੁੱਪ 1 ਦੀ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿੱਚੋਂ ਸਿਰਫ 20 ਹਜ਼ਾਰ 479 ਉਮੀਦਵਾਰ ਹੀ ਪ੍ਰੀਖਿਆ ਪਾਸ ਕਰ ਸਕੇ। ਗਰੁੱਪ 2 ਦੀ ਪ੍ਰੀਖਿਆ ਵਿੱਚ 58 ਹਜ਼ਾਰ 891 ਉਮੀਦਵਾਰਾਂ ਨੇ ਭਾਗ ਲਿਆ, ਜਿਸ ਵਿੱਚ ਸਿਰਫ਼ 21 ਹਜ਼ਾਰ 408 ਉਮੀਦਵਾਰ ਹੀ ਪਾਸ ਹੋ ਸਕੇ। ਇਕ ਜਾਣਕਾਰੀ ਮੁਤਾਬਕ ਇਸ ਵਾਰ ਪਾਸ ਹੋਣ ਵਾਲੇ ਉਮੀਦਵਾਰਾਂ ਦੀ ਗਿਣਤੀ ਪਿਛਲੀ ਵਾਰ ਨਾਲੋਂ ਲਗਭਗ ਦੋਗੁਣੀ ਦੱਸੀ ਜਾ ਰਹੀ ਹੈ। 
PunjabKesari

ਸਤੰਬਰ ਸੈਸ਼ਨ ਲਈ ਪ੍ਰੀਖਿਆ ਦੀਆਂ ਤਰੀਕਾਂ ਦਾ ਐਲਾਨ

ਆਈਸੀਏਆਈ ਵੱਲੋਂ ਸਤੰਬਰ ਸੈਸ਼ਨ ਦੀ ਪ੍ਰੀਖਿਆ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਨੋਟਿਸ ਮੁਤਾਬਕ ਸੀ. ਏ. ਫਾਊਂਡੇਸ਼ਨ ਦੀ ਪ੍ਰੀਖਿਆ 13, 15, 18 ਅਤੇ 20 ਸਤੰਬਰ ਨੂੰ ਹੋਣੀ ਹੈ। ਜਦੋਂ ਕਿ ਸੀ. ਏ. ਇੰਟਰ ਗਰੁੱਪ 1 ਦੀ ਪ੍ਰੀਖਿਆ 12, 14 ਅਤੇ 17 ਸਤੰਬਰ 2024 ਨੂੰ ਹੋਣੀ ਹੈ ਅਤੇ ਗਰੁੱਪ 2 ਦੀ ਪ੍ਰੀਖਿਆ 19, 21 ਅਤੇ 23 ਸਤੰਬਰ ਨੂੰ ਹੋਣੀ ਹੈ।


DILSHER

Content Editor

Related News