ਟਰੇਨ ''ਤੇ ''ਰਈਸ'' ਦੀ ਪ੍ਰਮੋਸ਼ਨ ਕਰ ਰਹੇ ਸ਼ਾਹਰੁਖ, ਵਡੋਦਰਾ ''ਚ ਭੱਜ-ਦੌੜ ਨਾਲ ਇਕ ਦੀ ਮੌਤ (ਤਸਵੀਰਾਂ)
Tuesday, Jan 24, 2017 - 11:02 AM (IST)
ਵਡੋਦਰਾ— ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖਾਨ ਆਪਣੀ ਫਿਲਮ ''ਰਈਸ'' ਦੇ ਪ੍ਰਮੋਸ਼ਨ ਲਈ ਇਸ ਵਾਰ ਟਰੇਨ ਦਾ ਸਹਾਰਾ ਲੈ ਰਹੇ ਹਨ। ਸ਼ਾਹਰੁਖ ਖਾਨ ਟਰੇਨ ''ਤੇ ਜਦੋਂ ਵਡੋਦਰਾ ਪੁੱਜੇ ਤਾਂ ਉਨ੍ਹਾਂ ਨੂੰ ਦੇਖਣ ਲਈ ਭੀੜ ਬੇਕਾਬੂ ਹੋ ਗਈ, ਜਿਸ ਕਾਰਨ ਪੁਲਸ ਨੂੰ ਲਾਠੀਚਾਰਜ ਕਰਨਾ ਪਿਆ। ਇਸ ''ਚ ਇਕ ਸਮਾਜਿਕ ਵਰਕਰ ਫਹੀਦ ਖਾਨ ਦੀ ਮੌਤ ਹੋ ਗਈ। ਇਸ ਦੌਰਾਨ ਇਕ ਪੁਲਸ ਕਰਮਚਾਰੀ ਸਮੇਤ 2 ਲੋਕ ਜ਼ਖਮੀ ਵੀ ਹੋਏ। ਟਰੇਨ ਦੇ ਆਉਣ ਤੋਂ ਪਹਿਲਾਂ ਹੀ ਸਟੇਸ਼ਨ ''ਤੇ ਸ਼ਾਹਰੁਖ ਦੇ ਫੈਨਜ਼ ਦੀ ਭੀੜ ਜਮ੍ਹਾ ਹੋ ਗਈ ਸੀ ਅਤੇ ਜਿਵੇਂ ਹੀ ਟਰੇਨ ਆਈ, ਲੋਕ ਸ਼ਾਹਰੁਖ ਦੀ ਇਕ ਝਲਕ ਪਾਉਣ ਲਈ ਬੇਕਾਬੂ ਹੋ ਗਏ ਅਤੇ ਇਸ ਦੌਰਾਨ ਇਹ ਘਟਨਾ ਵਾਪਰੀ।
ਜ਼ਿਕਰਯੋਗ ਹੈ ਕਿ ਸ਼ਾਹਰੁਖ ਨੇ ਇਸ ਵਾਰ ਪ੍ਰਮੋਸ਼ਨ ਦਾ ਨਵਾਂ ਤਰੀਕਾ ਅਪਣਾਇਆ ਹੈ। ਫਿਲਮ ''ਚ ਨਵਾਜੁਦੀਨ ਸਿੱਦੀਕੀ ਪੁਲਸ ਇੰਸਪੈਕਟਰ ਦੀ ਦਮਦਾਰ ਭੂਮਿਕਾ ''ਚ ਨਜ਼ਰ ਆਉਣਗੇ, ਉੱਥੇ ਹੀ ਪਾਕਿਸਤਾਨੀ ਅਭਿਨੇਤਰੀ ਮਾਹਿਰਾ ਖਾਨ ਇਸ ਫਿਲਮ ਰਾਹੀਂ ਬਾਲੀਵੁੱਡ ''ਚ ਕਰੀਅਰ ਦੀ ਸ਼ੁਰੂਆਤ ਕਰ ਰਹੀ ਹੈ।
