ਜ਼ਿਮਨੀ ਚੋਣਾਂ: ਭਵਾਨੀਪੁਰ ’ਚ ਵੋਟਿੰਗ ਜਾਰੀ, ਮਮਤਾ ‘ਦੀਦੀ’ ਅਤੇ ਪਿ੍ਰਅੰਕਾ ਵਿਚਾਲੇ ਸਖ਼ਤ ਮੁਕਾਬਲਾ
Thursday, Sep 30, 2021 - 10:47 AM (IST)
ਕੋਲਕਾਤਾ— ਪੱਛਮੀ ਬੰਗਾਲ ’ਚ ਅੱਜ ਯਾਨੀ ਕਿ ਵੀਰਵਾਰ ਨੂੰ ਭਵਾਨੀਪੁਰ, ਸਮਸੇਰਗੰਜ,ਅਤੇ ਜੰਗੀਪੁਰ ਵਿਧਾਨ ਸਭਾ ਸੀਟਾਂ ’ਤੇ ਜ਼ਿਮਨੀ ਚੋਣਾਂ ਲਈ ਵੋਟਾਂ ਪੈ ਰਹੀਆਂ ਹਨ। ਵੋਟਾਂ ਸਵੇਰੇ 7 ਵਜੇ ਤੋਂ ਸ਼ੁਰੂ ਹਨ ਅਤੇ ਸ਼ਾਮ 6.00 ਵਜੇ ਤੱਕ ਵੋਟਾਂ ਪਾਈਆਂ ਜਾਣਗੀਆਂ। ਸੂਬੇ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਤ੍ਰਿਣਮੂਲ ਕਾਂਗਰਸ ਦੀ ਟਿਕਟ ’ਤੇ ਕਿਸਮ ਅਜਮਾ ਰਹੀ ਹੈ। ਉੱਥੇ ਹੀ ਭਾਜਪਾ ਪਾਰਟੀ ਨੇ ਪਿ੍ਰਅੰਕਾ ਟਿਬਰੀਵਾਲ ਨੂੰ ਚੋਣਾਵੀ ਮੈਦਾਨ ’ਚ ਉਤਾਰਿਆ ਹੈ, ਜਦਕਿ ਮਾਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਵਲੋਂ ਸ਼੍ਰੀਜੀਵ ਵਿਸ਼ਵਾਸ ਕਿਸਮਤ ਅਜਮਾ ਰਹੇ ਹਨ। ਇਨ੍ਹਾਂ ਤਿੰਨੋਂ ਸੀਟਾਂ ਲਈ ਕੁੱਲ 6,97,164 ਵੋਟਰ ਹਨ। ਵੋਟਾਂ ਦੀ ਗਿਣਤੀ 2 ਅਕਤੂਬਰ ਨੂੰ ਕੀਤੀ ਜਾਵੇਗੀ। ਸਵੇਰੇ 11 ਵਜੇ ਤਕ ਕ੍ਰਮਵਾਰ ਸਮਸੇਰਗੰਜ, ਜੰਗੀਪੁਰ ਅਤੇ ਭਵਾਨੀਪੁਰ ਜ਼ਿਮਨੀ ਚੋਣਾਂ ਵਿਚ 40.23 ਫੀਸਦੀ, 36.11 ਫੀਸਦੀ ਅਤੇ 21.73 ਫੀਸਦੀ ਵੋਟਿੰਗ ਦਰਜ ਕੀਤੀ ਗਈ।
ਮਮਤਾ ਬੈਨਰਜੀ ਲਈ ਜ਼ਿਮਨੀ ਚੋਣ ਜਿੱਤਣਾ ਜ਼ਰੂਰੀ—
ਦੱਸ ਦੇਈਏ ਕਿ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ’ਚ ਮਮਤਾ ਬੈਨਰਜੀ ਨੰਦੀਗ੍ਰਾਮ ਸੀਟ ਤੋਂ ਹਾਰ ਗਈ ਸੀ। ਹੁਣ ਮੁੱਖ ਮੰਤਰੀ ਅਹੁਦੇ ’ਤੇ ਬਣੇ ਰਹਿਣ ਲਈ ਉਨ੍ਹਾਂ ਇਸ ਜ਼ਿਮਨੀ ਚੋਣ ’ਚ ਜਿੱਤ ਹਾਸਲ ਕਰਨੀ ਹੋਵੇਗੀ। ਉੱਥੇ ਹੀ ਦੋ ਉਮੀਦਵਾਰਾਂ ਦੀ ਮੌਤ ਤੋਂ ਬਾਅਦ ਅਪ੍ਰੈਲ ’ਚ ਜੰਗੀਪੁਰ ਅਤੇ ਸਮਸੇਰਗੰਜ ’ਚ ਚੋਣਾਂ ਰੱਦ ਕਰਨੀਆਂ ਪਈਆਂ ਸਨ।
ਵੋਟਿੰਗ ਕੇਂਦਰਾਂ ਦੇ ਬਾਹਰ ਸਵੇਰ ਤੋਂ ਹੀ ਲੋਕ ਲਾਈਨਾਂ ’ਚ ਖੜ੍ਹੇ ਨਜ਼ਰ ਆਏ। ਇਨ੍ਹਾਂ ਤਿੰਨੋਂ ਸੀਟਾਂ ’ਤੇ ਕੋਰੋਨਾ ਪ੍ਰੋਟੋਕਾਲ ਦਾ ਪਾਲਣ ਕੀਤਾ ਜਾ ਰਿਹਾ ਹੈ। ਭਵਾਨੀਪੁਰ ’ਚ 98 ਵੋਟਿੰਗ ਕੇਂਦਰਾਂ ’ਚ 287 ਬੂਥ ਬਣਾਏ ਗਏ ਹਨ। ਇਨ੍ਹਾਂ ’ਚੋਂ 269 ਮੁੱਖ ਬੂਥ ਹਨ। ਹਰੇਕ ਬੂਥ ਦੇ ਬਾਹਰ 200 ਮੀਟਰ ਦੇ ਖੇਤਰ ਤੱਕ ਧਾਰਾ-144 ਲਾਗੂ ਕਰ ਦਿੱਤੀ ਗਈ ਹੈ। ਭਵਾਨੀਪੁਰ ਵਿਧਾਨ ਸਭਾ ਖੇਤਰ ਵਿਚ ਕੁੱਲ 2,06,456 ਵੋਟਰ ਹਨ, ਜਿਨ੍ਹਾਂ ’ਚੋਂ 95,209 ਪੁਰਸ਼ ਅਤੇ 95,209 ਮਹਿਲਾ ਵੋਟਰ ਹਨ। ਭਵਾਨੀਪੁਰ ਚੋਣ ਖੇਤਰ ਦੇ ਸਾਰੇ ਬੂਥਾਂ ਨੂੰ ਸੰਵੇਦਨਸ਼ੀਲ ਐਲਾਨ ਕੀਤਾ ਗਿਆ ਹੈ। ਇਨ੍ਹਾਂ ’ਚੋਂ 13 ਬੂਥਾਂ ਨੂੰ ਹਾਈ ਅਲਰਟ ਜ਼ੋਨ ’ਚ ਰੱਖਿਆ ਗਿਆ ਹੈ।