ਉਪ ਚੋਣ ਨਤੀਜੇ : ਆਸਨਸੋਲ ਤੋਂ ਸ਼ਤਰੁਘਨ ਅਤੇ ਬਾਲੀਗੰਜ ਤੋਂ ਬਾਬੁਲ ਜਿੱਤੇ, ਕਾਂਗਰਸ ਨੂੰ ਵੀ ਮਿਲੀਆਂ 2 ਸੀਟਾਂ
Sunday, Apr 17, 2022 - 10:30 AM (IST)
ਨਵੀਂ ਦਿੱਲੀ- ਦੇਸ਼ ’ਚ ਇਕ ਲੋਕ ਸਭਾ ਅਤੇ 4 ਵਿਧਾਨ ਸਭਾ ਸੀਟਾਂ ਲਈ ਹੋਈਆਂ ਉਪ ਚੋਣਾਂ ਦੇ ਨਤੀਜੇ ਆ ਚੁੱਕੇ ਹਨ। ਚੋਣ ਕਮਿਸ਼ਨ ਅਨੁਸਾਰ ਬੰਗਾਲ ਦੀ ਆਸਨਸੋਲ ਲੋਕ ਸਭਾ ਸੀਟ ’ਤੇ ਤ੍ਰਿਣਮੂਲ ਕਾਂਗਰਸ ਦੇ ਸ਼ਤਰੁਘਨ ਸਿਨ੍ਹਾ, ਜਦੋਂ ਕਿ ਬਾਲੀਗੰਜ ਵਿਧਾਨ ਸਭਾ ਸੀਟ ’ਤੇ ਤ੍ਰਿਣਮੂਲ ਕਾਂਗਰਸ ਦੇ ਹੀ ਬਾਬੁਲ ਸੁਪ੍ਰੀਓ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਸ਼ਤਰੁਘਨ ਨੇ ਭਾਜਪਾ ਦੀ ਅਗਨਿਮਿਤਰਾ ਪਾਲ ਨੂੰ 3 ਲੱਖ 3 ਹਜ਼ਾਰ 209 ਵੋਟਾਂ ਨਾਲ ਹਰਾਇਆ। ਉੱਥੇ ਹੀ ਬਾਬੁਲ ਸੁਪ੍ਰੀਓ 20,228 ਵੋਟਾਂ ਨਾਲ ਜਿੱਤੇ ਹਨ। ਉਨ੍ਹਾਂ ਭਾਜਪਾ ਦੀ ਕੇਯਾ ਘੋਸ਼ ਨੂੰ ਹਰਾਇਆ। ਓਧਰ ਬਿਹਾਰ ਦੀ ਬੋਚਹਾਂ ਵਿਧਾਨ ਸਭਾ ਸੀਟ ਤੋਂ ਰਾਸ਼ਟਰੀ ਜਨਤਾ ਦਲ ਦੇ ਉਮੀਦਵਾਰ ਅਮਰ ਕੁਮਾਰ ਪਾਸਵਾਨ ਨੂੰ ਜਿੱਤ ਮਿਲੀ ਹੈ। ਉਨ੍ਹਾਂ ਨੇ ਭਾਜਪਾ ਦੀ ਬੇਬੀ ਕੁਮਾਰੀ ਨੂੰ ਲਗਭਗ 36,653 ਵੋਟਾਂ ਦੇ ਫਰਕ ਨਾਲ ਹਰਾਇਆ ਹੈ।
ਉੱਥੇ ਹੀ ਕਾਂਗਰਸ ਨੇ ਮਹਾਰਾਸ਼ਟਰ ਦੀ ਕੋਲਹਾਪੁਰ (ਉੱਤਰ) ਅਤੇ ਛੱਤੀਸਗੜ੍ਹ ਦੀ ਖੈਰਾਗੜ੍ਹ ਵਿਧਾਨ ਸਭਾ ਸੀਟ ’ਤੇ ਜਿੱਤ ਦਰਜ ਕੀਤੀ ਹੈ। ਕਾਂਗਰਸ ਉਮੀਦਵਾਰ ਸ਼੍ਰੀਮਤੀ ਜੈਸ਼ਰੀ ਜਾਧਵ ਨੇ ਕੋਲਹਾਪੁਰ ਵਿਧਾਨ ਸਭਾ ਉਪ ਚੋਣਾਂ ’ਚ ਭਾਜਪਾ ਉਮੀਦਵਾਰ ਸੱਤਿਆਜੀਤ ਨੂੰ 18,901 ਵੋਟਾਂ ਨਾਲ ਹਰਾਇਆ, ਜਦੋਂ ਕਿ ਖੈਰਾਗੜ੍ਹ ’ਚ ਕਾਂਗਰਸ ਦੀ ਯਸ਼ੋਦਾ ਵਰਮਾ ਨੇ ਭਾਜਪਾ ਦੇ ਕੋਮਲ ਜੰਘੇਲ ਨੂੰ ਲਗਭਗ 20,000 ਵੋਟਾਂ ਨਾਲ ਹਾਰ ਦੇ ਕੇ ਪਾਰਟੀ ਦਾ ਝੰਡਾ ਲਹਿਰਾਇਆ।