ਪੁਲਸ ਸਟੇਸ਼ਨ 'ਚ ਚੱਲੀਆਂ ਗੋਲੀਆਂ, BJP ਵਿਧਾਇਕ ਨੇ ਕੱਢੇ ਫਾਇਰ, ਸ਼ਿਵਸੈਨਾ ਆਗੂ ਜ਼ਖ਼ਮੀ
Saturday, Feb 03, 2024 - 11:07 AM (IST)

ਠਾਣੇ- ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ 'ਚ ਸ਼ੁੱਕਰਵਾਰ ਦੇਰ ਰਾਤ ਇਕ ਪੁਲਸ ਸਟੇਸ਼ਨ ਦੇ ਅੰਦਰ ਫਾਇਰਿੰਗ ਦੀ ਖ਼ਬਰ ਸਾਹਮਣੇ ਆਈ ਹੈ। ਇਸ ਫਾਇਰਿੰਗ 'ਚ 2 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਦੱਸ ਦੇਈਏ ਕਿ ਭਾਜਪਾ ਵਿਧਾਇਕ-ਸ਼ਿਵਸੈਨਾ ਗੁੱਟ ਦੇ ਨੇਤਾ ਵਿਚਾਲੇ ਝੜਪ ਮਗਰੋਂ ਉਲਹਾਸਨਗਰ ਪੁਲਸ ਸਟੇਸ਼ਨ 'ਚ ਫਾਇਰਿੰਗ ਦੀ ਇਹ ਘਟਨਾ ਵਾਪਰੀ। ਦਰਅਸਲ ਜ਼ਮੀਨ ਵਿਵਾਦ ਦੇ ਚੱਲਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਵਾਲੀ ਸ਼ਿਵਸੈਨਾ ਦੇ ਇਕ ਨੇਤਾ ਨੂੰ ਭਾਜਪਾ ਵਿਧਾਇਕ ਨੇ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ। ਇਸ ਘਟਨਾ ਦੇ ਸਬੰਧ ਵਿਚ ਭਾਜਪਾ ਵਿਧਾਇਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਸ਼ਿਮਲਾ 'ਚ ਬਰਫ਼ਬਾਰੀ ਪੈਣ ਮਗਰੋਂ ਖਿੜੇ ਸੈਲਾਨੀਆਂ ਦੇ ਚਿਹਰੇ, ਦਿਲ ਨੂੰ ਮੋਹ ਲੈਣਗੀਆਂ ਤਸਵੀਰਾਂ
ਵਧੀਕ ਪੁਲਸ ਕਮਿਸ਼ਨਰ ਦੱਤਾਤ੍ਰੇਯ ਸ਼ਿੰਦੇ ਨੇ ਮੀਡੀਆ ਨੂੰ ਦੱਸਿਆ ਕਿ ਭਾਜਪਾ ਦੇ ਕਲਿਆਣ ਤੋਂ ਵਿਧਾਇਕ ਗਣਪਤ ਗਾਇਕਵਾੜ ਨੇ ਸ਼ੁੱਕਰਵਾਰ ਰਾਤ ਨੂੰ ਉਲਹਾਸਨਗਰ ਖੇਤਰ ਦੇ ਹਿੱਲ ਲਾਈਨ ਪੁਲਸ ਸਟੇਸ਼ਨ ਦੇ ਸੀਨੀਅਰ ਇੰਸਪੈਕਟਰ ਦੇ ਕਮਰੇ ਦੇ ਅੰਦਰ ਸ਼ਿਵ ਸੈਨਾ ਦੇ ਕਲਿਆਣ ਯੂਨਿਟ ਦੇ ਮੁਖੀ ਮਹੇਸ਼ ਗਾਇਕਵਾੜ 'ਤੇ ਗੋਲੀਬਾਰੀ ਕੀਤੀ। ਗ੍ਰਿਫਤਾਰੀ ਤੋਂ ਪਹਿਲਾਂ ਗਣਪਤ ਗਾਇਕਵਾੜ ਨੇ ਇਕ ਨਿਊਜ਼ ਚੈਨਲ ਨੂੰ ਦੱਸਿਆ ਕਿ ਉਸ ਦੇ ਬੇਟੇ ਨੂੰ ਥਾਣੇ 'ਚ ਕੁੱਟਿਆ ਜਾ ਰਿਹਾ ਸੀ ਇਸ ਲਈ ਉਸ ਨੇ ਗੋਲੀ ਚਲਾ ਦਿੱਤੀ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਏਕਨਾਥ ਸ਼ਿੰਦੇ ਮਹਾਰਾਸ਼ਟਰ ਵਿਚ ‘ਅਪਰਾਧੀਆਂ ਦਾ ਸਾਮਰਾਜ’ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਵੀ ਪੜ੍ਹੋ- ਸ਼ਰਧਾਲੂਆਂ ਲਈ ਅਯੁੱਧਿਆ ਪਹੁੰਚਣਾ ਹੋਵੇਗਾ ਸੌਖਾਲਾ, ਦਿੱਲੀ ਸਣੇ ਇਨ੍ਹਾਂ 8 ਸ਼ਹਿਰਾਂ ਤੋਂ ਸ਼ੁਰੂ ਹੋਈ ਸਿੱਧੀ ਉਡਾਣ ਸੇਵਾ
ਮਹੇਸ਼ ਗਾਇਕਵਾੜ ਨੂੰ ਪਹਿਲਾਂ ਸਥਾਨਕ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਠਾਣੇ ਦੇ ਇਕ ਨਿੱਜੀ ਮੈਡੀਕਲ ਸੈਂਟਰ 'ਚ ਲਿਜਾਇਆ ਗਿਆ। ਸ਼ਿਵ ਸੈਨਾ ਦੇ ਕਲਿਆਣ ਵਿੰਗ ਦੇ ਇੰਚਾਰਜ ਗੋਪਾਲ ਲਾਂਗੇ ਨੇ ਕਿਹਾ ਕਿ ਮਹੇਸ਼ ਗਾਇਕਵਾੜ ਦਾ ਆਪ੍ਰੇਸ਼ਨ ਸਫਲ ਰਿਹਾ। ਵਧੀਕ ਪੁਲਸ ਕਮਿਸ਼ਨਰ ਦੱਤਾਤ੍ਰੇਯ ਸ਼ਿੰਦੇ ਮੁਤਾਬਕ ਗਣਪਤ ਗਾਇਕਵਾੜ ਦਾ ਪੁੱਤਰ ਪੁਲਸ ਸਟੇਸ਼ਨ 'ਚ ਇਕ ਮਾਮਲੇ 'ਚ ਸ਼ਿਕਾਇਤ ਦਰਜ ਕਰਵਾਉਣ ਆਇਆ ਸੀ। ਜ਼ਮੀਨ ਵਿਵਾਦ ਤੋਂ ਬਾਅਦ ਮਹੇਸ਼ ਗਾਇਕਵਾੜ ਆਪਣੇ ਲੋਕਾਂ ਨਾਲ ਉੱਥੇ ਪਹੁੰਚ ਗਿਆ। ਬਾਅਦ 'ਚ ਗਣਪਤ ਗਾਇਕਵਾੜ ਵੀ ਥਾਣੇ ਪਹੁੰਚ ਗਿਆ। ਅਧਿਕਾਰੀ ਨੇ ਦੱਸਿਆ ਕਿ ਵਿਧਾਇਕ ਅਤੇ ਸ਼ਿਵ ਸੈਨਾ ਨੇਤਾ ਵਿਚਕਾਰ ਝਗੜੇ ਦੌਰਾਨ ਗਣਪਤ ਗਾਇਕਵਾੜ ਨੇ ਸੀਨੀਅਰ ਇੰਸਪੈਕਟਰ ਦੇ ਚੈਂਬਰ ਦੇ ਅੰਦਰ ਮਹੇਸ਼ ਗਾਇਕਵਾੜ 'ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਉਹ ਅਤੇ ਉਸ ਦੇ ਸਾਥੀ ਜ਼ਖਮੀ ਹੋ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8