ਗੁਜਰਾਤ ’ਚ ‘ਬੁਲਡੋਜ਼ਰ ਜਸਟਿਸ’ ’ਤੇ ਸੁਪਰੀਮ ਕੋਰਟ ਸਖ਼ਤ, ਕਿਹਾ-ਸਜ਼ਾ ਦੇਣਾ ਅਦਾਲਤ ਦਾ ਕੰਮ
Friday, Sep 13, 2024 - 12:56 AM (IST)
ਨਵੀਂ ਦਿੱਲੀ, (ਭਾਸ਼ਾ)- ਗੁਜਰਾਤ ਦੇ ਇਕ ਵਿਅਕਤੀ ਦੀ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ‘ਬੁਲਡੋਜ਼ਰ ਜਸਟਿਸ’ ’ਤੇ ਸਖ਼ਤ ਟਿੱਪਣੀ ਕੀਤੀ। ਸੁਪਰੀਮ ਕੋਰਟ ਨੇ ਕਿਹਾ ਕਿ ਕਿਸੇ ਵਿਅਕਤੀ ਦੇ ਕੇਸ ’ਚ ਸਿਰਫ਼ ਮੁਲਜ਼ਮ ਹੋਣ ਕਾਰਨ ਉਸ ਦੇ ਘਰ ’ਤੇ ਬੁਲਡੋਜ਼ਰ ਨਹੀਂ ਚਲਾਇਆ ਜਾ ਸਕਦਾ। ਮੁਲਜ਼ਮ ’ਤੇ ਦੋਸ਼ ਬਣਦਾ ਹੈ ਜਾਂ ਨਹੀਂ, ਇਹ ਤੈਅ ਕਰਨਾ ਅਦਾਲਤ ਦਾ ਕੰਮ ਹੈ।
ਕਾਨੂੰਨ ਦੇ ਰਾਜ ਵਾਲੇ ਇਸ ਦੇਸ਼ ’ਚ ਇਕ ਵਿਅਕਤੀ ਦੀ ਗਲਤੀ ਦੀ ਸਜ਼ਾ ਉਸ ਦੇ ਪਰਿਵਾਰਕ ਮੈਂਬਰਾਂ ਦੇ ਖਿਲਾਫ ਕਾਰਵਾਈ ਕਰ ਕੇ ਜਾਂ ਉਸ ਦੇ ਘਰ ਨੂੰ ਢਹਾ ਕੇ ਨਹੀਂ ਦਿੱਤੀ ਜਾ ਸਕਦੀ। ਸੁਪਰੀਮ ਕੋਰਟ ਨੇ ਕਿਹਾ ਕਿ ਅਦਾਲਤ ਇਸ ਤਰ੍ਹਾਂ ਦੀ ‘ਬੁਲਡੋਜ਼ਰ ਕਾਰਵਾਈ’ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੀ। ਅਜਿਹੀ ਕਾਰਵਾਈ ਨੂੰ ਹੋਣ ਦੇਣਾ ‘ਕਾਨੂੰਨ ਦੇ ਰਾਜ ’ਤੇ ਬੁਲਡੋਜ਼ਰ ਚਲਾਉਣ ਵਰਗਾ’ ਹੋਵੇਗਾ।
ਜਸਟਿਸ ਰਿਸ਼ੀਕੇਸ਼ ਰਾਏ, ਜਸਟਿਸ ਸੁਧਾਂਸ਼ੂ ਧੂਲੀਆ ਅਤੇ ਜਸਟਿਸ ਐੱਸ. ਵੀ. ਐੱਨ. ਭੱਟੀ ਦੀ ਅਦਾਲਤ ਨੇ ਇਕ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਇਹ ਟਿੱਪਣੀ ਕੀਤੀ।