ਬੁਲੰਦਸ਼ਹਿਰ ਹਿੰਸਾ: ਪ੍ਰਸ਼ਾਂਤ ਨਟ ਦੇ ਘਰੋਂ ਮਿਲਿਆ ਸ਼ਹੀਦ ਇੰਸਪੈਕਟਰ ਦਾ ਮੋਬਾਇਲ

Sunday, Jan 27, 2019 - 01:22 PM (IST)

ਬੁਲੰਦਸ਼ਹਿਰ ਹਿੰਸਾ: ਪ੍ਰਸ਼ਾਂਤ ਨਟ ਦੇ ਘਰੋਂ ਮਿਲਿਆ ਸ਼ਹੀਦ ਇੰਸਪੈਕਟਰ ਦਾ ਮੋਬਾਇਲ

ਉੱਤਰ ਪ੍ਰਦੇਸ਼— ਬੁਲੰਦਸ਼ਹਿਰ 'ਚ ਹੋਈ ਹਿੰਸਾ ਦੇ ਮਾਮਲੇ 'ਚ ਪੁਲਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਸ ਨੇ ਸ਼ਹੀਦ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਦੇ ਮੋਬਾਇਲ ਨੂੰ ਬਰਾਮਦ ਕਰ ਲਿਆ ਹੈ। ਪੁਲਸ ਨੇ ਮੋਬਾਇਲ ਦੀ ਬਰਾਮਦਗੀ ਹਿੰਸਾ ਦੇ ਮੁੱਖ ਦੋਸ਼ੀ ਪ੍ਰਸ਼ਾਂਤ ਨਟ ਦੇ ਘਰੋਂ ਕੀਤੀ ਹੈ। ਪੁਲਸ ਨੇ ਇਸ ਤੋਂ ਇਲਾਵਾ 6 ਹੋਰ ਮੋਬਾਇਲ ਬਰਾਮਦ ਕੀਤੇ ਹਨ। ਬੁਲੰਦਸ਼ਹਿਰ ਦੇ ਐੱਸ.ਪੀ. ਸਿਟੀ ਅਤੁੱਲ ਸ਼੍ਰੀਵਾਸਤਵ ਨੇ ਕਿਹਾ ਕਿ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਦਾ ਮੋਬਾਇਲ ਪ੍ਰਸ਼ਾਂਤ ਨਟ ਦੇ ਘਰੋਂ ਬਰਾਮਦ ਹੋ ਗਿਆ ਹੈ। ਪ੍ਰਸ਼ਾਂਤ ਨੂੰ 27 ਦਸੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਅਤੁੱਲ ਸ਼੍ਰੀਵਾਸਤ ਨੇ ਦੱਸਿਆ,''ਸੂਤਰਾਂ ਤੋਂ ਸ਼ਹੀਦ ਇੰਸਪੈਕਟਰ ਸੁਬੋਧ ਦੇ ਮੋਬਾਇਲ ਦੀ ਲੋਕੇਸ਼ ਬਾਰੇ ਜਾਣਕਾਰੀ ਮਿਲੀ ਹੈ। ਅਸੀਂ ਲੋਕੇਸ਼ਨ 'ਚ ਸਰਚ ਆਪਰੇਸ਼ਨ ਚਲਾਇਆ, ਜਿੱਥੋਂ ਸਾਨੂੰ ਫੋਨ ਮਿਲਿਆ। ਗੁੰਮ ਹੋਈ ਪਿਸਟਲ ਦੀ ਵੀ ਤਲਾਸ਼ ਚੱਲ ਰਹੀ ਹੈ।''

ਪੁਲਸ ਅਨੁਸਾਰ,''ਪ੍ਰਸ਼ਾਂਤ ਨੇ ਆਪਣਾ ਜ਼ੁਰਮ ਕਬੂਲਦੇ ਹੋਏ ਦੱਸਿਆ ਕਿ ਉਸੇ ਨੇ ਇੰਸਪੈਕਟਰ ਸੁਬੋਧ ਕੁਮਾਰ ਨੂੰ ਗੋਲੀ ਮਾਰੀ ਸੀ। ਪ੍ਰਸ਼ਾਂਤ ਨਾਲ ਜੋਨੀ ਚੌਧਰੀ, ਡੇਵਿਡ ਅਤੇ ਇਕ ਹੋਰ ਨੌਜਵਾਨ ਸੀ। ਜੋਨੀ, ਰਾਹੁਲ ਅਤੇ ਡੇਵਿਡ ਨੂੰ ਪੁਲਸ ਨੇ ਪਹਿਲਾਂ ਤੋਂ ਹੀ ਗ੍ਰਿਫਤਾਰ ਕਰ ਲਿਆ ਸੀ।'' ਪੁਲਸ ਦਾ ਕਹਿਣਾ ਹੈ ਕਿ ਚਿੰਗਰਾਵਠੀ ਪੁਲਸ ਚੌਕੀ 'ਤੇ ਪਥਰਾਅ ਅਤੇ ਆਗਜਨੀ ਕਰਨ ਵਾਲੀ ਭੀੜ ਨੂੰ ਇੰਸਪੈਕਟਰ ਸੁਬੋਧ ਨੇ ਸਮਝਾ ਕੇ ਸ਼ਾਂਤ ਕਰਵਾ ਦਿੱਤਾ ਸੀ। ਦੋਸ਼ ਹੈ ਕਿ ਉਸੇ ਸਮੇਂ ਪ੍ਰਸ਼ਾਂਤ ਨਟ ਆਇਆ ਅਤੇ ਇੰਸਪੈਕਟਰ ਨਾਲ ਭਿੜਨ ਲੱਗਾ। ਪ੍ਰਸ਼ਾਂਤ ਨੇ ਇੰਸਪੈਕਟਰ ਸੁਬੋਧ ਦੀ ਪਿਸਟਲ ਨਾਲ ਗੋਲੀ ਚੱਲਾ ਦਿੱਤੀ, ਜਿਸ 'ਚ ਉਨ੍ਹਾਂ ਦੀ ਮੌਤ ਹੋ ਗਈ।


author

DIsha

Content Editor

Related News