ਕਰੋੜਾਂ ਦੀ ਸਕਾਲਰਸ਼ਿਪ 'ਤੇ ਪੜ੍ਹਨ ਗਈ ਸੀ ਅਮਰੀਕਾ, ਛੁੱਟੀਆਂ ਕੱਟਣ ਆਈ ਨਾਲ ਵਾਪਰਿਆ ਹਾਦਸਾ
Tuesday, Aug 11, 2020 - 11:04 AM (IST)
ਬੁਲੰਦਸ਼ਹਿਰ— ਅੱਖਾਂ 'ਚ ਵੱਡੇ ਸੁਫ਼ਨੇ ਪਰ ਇਕ ਦਰਦਨਾਕ ਹਾਦਸੇ ਨੇ ਸਭ ਕੁਝ ਖੋਹ ਲਿਆ। ਬਸ ਇੰਨੀ ਕੁ ਹੀ ਸੀ ਇਸ ਹੋਣਹਾਰ ਵਿਦਿਆਰਥਣ ਦੀ ਕਹਾਣੀ। ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਦੀ ਵਿਦਿਆਰਥਣ ਸੁਦਿਕਸ਼ਾ ਭਾਟੀ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਸਕਾਲਰਸ਼ਿਪ 'ਤੇ ਅਮਰੀਕਾ 'ਚ ਪੜ੍ਹਾਈ ਕਰਨ ਵਾਲੀ ਇਹ ਵਿਦਿਆਰਥਣ ਸੋਮਵਾਰ ਨੂੰ ਆਪਣੇ ਚਾਚਾ ਨਾਲ ਮਾਮਾ ਦੇ ਘਰ ਔਰੰਗਾਬਾਦ ਜਾ ਰਹੀ ਸੀ। ਇਸ ਦੌਰਾਨ ਬੁਲੇਟ ਸਵਾਰ ਦੋ ਨੌਜਵਾਨਾਂ ਨੇ ਸੁਦਿਕਸ਼ਾ ਨਾਲ ਛੇੜਛਾੜ ਸ਼ੁਰੂ ਕਰ ਦਿੱਤੀ, ਤਾਂ ਰੋਡ 'ਤੇ ਉਨ੍ਹਾਂ ਦੀ ਬਾਈਕ ਬੇਕਾਬੂ ਹੋ ਕੇ ਸੜਕ 'ਤੇ ਜਾ ਡਿੱਗੀ ਅਤੇ ਇਸ ਹੋਣਹਾਰ ਵਿਦਿਆਰਥਣ ਦੀ ਮੌਤ ਹੋ ਗਈ। ਸੁਦਿਕਸ਼ਾ ਅਮਰੀਕਾ ਦੇ ਇਕ ਨਾਮੀ ਕਾਲਜ ਵਿਚ ਪੜ੍ਹਾਈ ਕਰ ਰਹੀ ਸੀ ਅਤੇ ਛੁੱਟੀਆਂ 'ਚ ਘਰ ਆਈ ਹੋਈ ਸੀ। 20 ਅਗਸਤ ਨੂੰ ਸੁਦਿਕਸ਼ਾ ਨੂੰ ਅਮਰੀਕਾ ਵਾਪਸ ਪਰਤਣਾ ਸੀ। ਇਸ ਤੋਂ ਪਹਿਲਾਂ ਕਿ ਸੁਦਿਕਸ਼ਾ ਅਮਰੀਕਾ ਪਰਤਦੀ, ਸੋਮਵਾਰ ਨੂੰ ਸੜਕ ਹਾਦਸੇ ਵਿਚ ਉਸ ਦੀ ਮੌਤ ਹੋ ਗਈ। ਦੱਸ ਦੇਈਏ ਕਿ ਸੁਦਿਕਸ਼ਾ ਨੂੰ ਭਾਰਤ ਸਰਕਾਰ ਵਲੋਂ ਅਮਰੀਕਾ ਵਿਚ ਪੜ੍ਹਨ ਲਈ ਕਰੀਬ 3.80 ਕਰੋੜ ਰੁਪਏ ਦੀ ਸਕਾਲਰਸ਼ਿਪ ਦਿੱਤੀ ਗਈ ਸੀ।
ਸੁਦਿਕਸ਼ਾ ਦੇ ਪਰਿਵਾਰ ਦਾ ਦੋਸ਼ ਹੈ ਕਿ ਜਦੋਂ ਬਾਈਕ 'ਤੇ ਸਵਾਰ ਹੋ ਕੇ ਉਹ ਔਰੰਗਾਬਾਦ ਜਾ ਰਹੇ ਸਨ, ਤਾਂ ਉਨ੍ਹਾਂ ਦੀ ਬਾਈਕ ਦਾ ਬੁਲੇਟ ਸਵਾਰ ਦੋ ਨੌਜਵਾਨਾਂ ਨੇ ਪਿਛਾ ਕੀਤਾ। ਕਦੇ ਉਹ ਆਪਣੀ ਬੁਲੇਟ ਨਾਲ ਅੱਗੇ ਨਿਕਲਦੇ ਤਾਂ ਕਦੇ ਪਿੱਛੇ ਸਟੰਟ ਕਰਨ ਲੱਗਦੇ ਸਨ। ਅਚਾਨਕ ਬੁਲੇਟ ਸਵਾਰ ਨੌਜਵਾਨਾਂ ਨੇ ਬਰੇਕ ਲਾ ਦਿੱਤੀ। ਇਸ ਨਾਲ ਬੁਲੇਟ ਦੀ ਟੱਕਰ ਸੁਦਿਕਸ਼ਾ ਦੀ ਬਾਈਕ ਨਾਲ ਹੋ ਗਈ, ਜਿਸ ਕਾਰਨ ਬਾਈਕ ਬੇਕਾਬੂ ਹੋ ਕੇ ਸੜਕ 'ਤੇ ਜਾ ਡਿੱਗੀ। ਇਸ ਹਾਦਸੇ ਵਿਚ ਸੁਦਿਕਸ਼ਾ ਦੀ ਮੌਤ ਹੋ ਗਈ।
ਗੌਤਮਬੁੱਧ ਨਗਰ ਦੇ ਦਾਦਰੀ ਤਹਿਸੀਲ ਦੀ ਰਹਿਣ ਵਾਲੀ ਸੁਦਿਕਸ਼ਾ ਬੇਹੱਦ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਸੁਦਿਸ਼ਾ ਦੇ ਪਿਤਾ ਢਾਬਾ ਚਲਾਉਂਦੇ ਹਨ। ਸੁਦਿਸ਼ਾ ਨੇ ਬੇਸਿਕ ਸਿੱਖਿਆ ਮਹਿਕਮੇ ਦੇ ਕੌਂਸਲ ਸਕੂਲ ਤੋਂ ਪੰਜਵੀਂ ਤੱਕ ਪੜ੍ਹਾਈ ਕੀਤੀ। ਪ੍ਰਵੇਸ਼ ਪ੍ਰੀਖਿਆ ਜ਼ਰੀਏ ਸੁਦਿਕਸ਼ਾ ਦਾ ਦਾਖ਼ਲਾ ਐੱਚ. ਸੀ. ਐੱਲ. ਦੇ ਮਾਲਕ ਸ਼ਿਵ ਨਦਾਰ ਦੇ ਸਿਕੰਦਰਾਬਾਦ ਸਥਿਤ ਸਕੂਲ ਵਿਚ ਹੋ ਗਿਆ। ਸੁਦਿਸ਼ਾ ਨੇ 12ਵੀਂ ਜਮਾਤ ਵਿਚ ਟਾਪ ਕੀਤਾ ਅਤੇ ਉਸ ਤੋਂ ਬਾਅਦ ਉੱਚ ਸਿੱਖਿਆ ਲਈ ਉਸ ਦੀ ਚੋਣ ਅਮਰੀਕਾ ਦੇ ਬੌਬਸਨ ਕਾਲਜ 'ਚ ਹੋਈ। ਪੜ੍ਹਾਈ ਲਈ ਸੁਦਿਕਸ਼ਾ ਨੂੰ ਭਾਰਤ ਸਰਕਾਰ ਵਲੋਂ 3.80 ਕਰੋੜ ਰੁਪਏ ਦੀ ਸਕਾਲਰਸ਼ਿਪ ਦਿੱਤੀ ਗਈ।