ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਨਹੀਂ, ਜ਼ਰੂਰਤ ਦੇ ਹਿਸਾਬ ਨਾਲ ਪੇਸ਼ ਹੋਵੇਗਾ ਬਜਟ : ਜੈਰਾਮ ਠਾਕੁਰ
Thursday, Feb 03, 2022 - 06:06 PM (IST)
ਹਮੀਰਪੁਰ (ਵਾਰਤਾ)- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਹੈ ਕਿ ਬਜਟ ਰਾਜ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਨਹੀਂ ਸਗੋਂ ਜ਼ਰੂਰਤ ਦੇ ਹਿਸਾਬ ਨਾਲ ਵਿਧਾਨ ਸਭਾ 'ਚ ਪੇਸ਼ ਕੀਤਾ ਜਾਵੇਗਾ। ਜੈਰਾਮ ਠਾਕੁਰ ਨੇ ਮੀਡੀਆ ਨਾਲ ਗੱਲਬਾਤ 'ਚ ਕਿਹਾ ਕਿ ਇਸ ਵਾਰ ਬਿਹਤਰੀਨ ਬਜਟ ਪੇਸ਼ ਕੀਤਾ ਜਾਵੇਗਾ, ਕਿਉਂਕਿ ਇਸ ਤੋਂ ਸੁਭਾਵਿਕ ਰੂਪ ਨਾਲ ਸਮਾਜ ਦੇ ਸਾਰੇ ਵਰਗਾਂ ਨੂੰ ਸਰਕਾਰ ਤੋਂ ਖ਼ਾਸ ਉਮੀਦਾਂ ਰਹਿੰਦੀਆਂ ਹਨ। ਸਰਕਾਰ ਨੇ ਪ੍ਰਸਤਾਵਿਤ ਬਜਟ ਨੂੰ ਵੱਧ ਲੋਕ ਕੇਂਦਰਿਤ ਬਣਾਉਣ ਲਈ ਆਮ ਜਨਤਾ, ਉਦਯੋਗਾਂ, ਵਪਾਰ ਅਤੇ ਖੇਤੀਬਾੜੀ ਸੰਗਠਨਾਂ ਸਮੇਤ ਸਮਾਜ ਦੇ ਸਾਰੇ ਸੰਬੰਧਤ ਪੱਖਾਂ ਤੋਂ 15 ਫਰਵਰੀ ਤੱਕ ਸੁਝਾਅ ਮੰਗੇ ਹਨ। ਮੁੱਖ ਮੰਤਰੀ ਨੇ ਇਸ ਤੋਂ ਪਹਿਲਾਂ ਇੱਥੇ ਡਾ. ਰਾਧਾਕ੍ਰਿਸ਼ਨਨ ਸਰਕਾਰੀ ਆਯੂਰਵਿਗਿਆਨ ਯੂਨੀਵਰਸਿਟੀ ਅਤੇ ਹਸਪਤਾਲ ਦੇ ਨਿਰਮਾਣ ਸਥਾਨ ਦਾ ਦੌਰਾ ਕੀਤਾ ਅਤੇ ਸੰਬੰਧਤ ਅਧਿਕਾਰੀਆਂ ਨੂੰ ਇਸ ਮਹੱਤਵਪੂਰਨ ਪ੍ਰਾਜੈਕਟ ਨੂੰ ਸਮੇਂਬੱਧ ਪੂਰਾ ਕਰਨ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਕਿਹਾ ਕਿ 250 ਬਿਸਤਿਆਂ ਦੇ ਇਸ ਹਸਪਤਾਲ ਨੂੰ ਇਸੇ ਸਾਲ ਅਗਸਤ ਤੱਕ ਪੂਰਾ ਕਰਨ ਦਾ ਟੀਚਾ ਤੈਅ ਕੀਤਾ ਗਿਆ ਹੈ। ਇਸ ਦੇ ਨਿਰਮਾਣ ਨਾਲ ਖੇਤਰ ਦੀ ਜਨਤਾ ਨੂੰ ਆਧੁਨਿਕ ਸਿਹਤ ਸੇਵਾਵਾਂ ਉਪਲੱਬਧ ਹੋਣਗੀਆਂ। ਨਾਹਨ, ਚੰਬਾ ਅਤੇ ਹਮੀਰਪੁਰ 'ਚ ਤਿੰਨ ਆਯੂਰਵਿਗਿਆਨ ਯੂਨੀਵਰਸਿਟੀਆਂ ਦਾ ਕੰਮ ਜਲਦੀ ਨਾਲ ਜਾਰੀ ਹੈ ਅਤੇ ਇਨ੍ਹਾਂ ਨੂੰ ਇਸੇ ਸਾਲ ਸਤੰਬਰ ਮਹੀਨੇ ਤੱਕ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਠਾਕੁਰ ਅਨੁਸਾਰ ਰਾਜ 'ਚ ਮੌਜੂਦਾ ਸਮੇਂ 6 ਸਰਕਾਰੀ ਅਤੇ ਇਕ ਨਿੱਜੀ ਯੂਨੀਵਰਸਿਟੀ ਸੰਚਾਲਿਤ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਅਖਿਲ ਭਾਰਤੀ ਆਯੂਰਵਿਗਿਆਨ ਸੰਸਥਾ ਬਿਲਾਸਪੁਰ ਦਾ ਉਦਘਾਟਨ ਇਸੇ ਸਾਲ ਜੂਨ ਮਹੀਨੇ ਪ੍ਰਧਾਨ ਮੰਤਰੀ ਵਲੋਂ ਕੀਤਾ ਜਾ ਸਕਦਾ ਹੈ। ਇਹ ਸਾਰੀਆਂ ਸਿਹਤ ਸੰਸਥਾਵਾਂ ਖੇਤਰ ਦੇ ਲੋਕਾਂ ਨੂੰ ਵਿਸ਼ਵ ਪੱਧਰੀ ਮੈਡੀਕਲ ਸਹੂਲਤ ਉਪਲੱਬਧ ਕਰਵਾਉਣਗੀਆਂ।