ਆਧੁਨਿਕ ਹਰਿਆਣਾ ਦੇ ਵਿਜ਼ਨ ’ਤੇ ਆਧਾਰਿਤ ਹੋਵੇਗਾ ਬਜਟ : ਮੁੱਖ ਮੰਤਰੀ
Saturday, Feb 19, 2022 - 05:33 PM (IST)
ਪਾਨੀਪਤ– ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਕਿ ਆਧੁਨਿਕ ਹਰਿਆਣਾ ਦੇ ਵਿਜ਼ਨ ਨੂੰ ਧਿਆਨ ’ਚ ਰੱਖਦੇ ਹੋਏ ਇਸ ਵਾਰ ਬਜਟ ਪੇਸ਼ ਕੀਤਾ ਜਾਵੇਗਾ, ਜਿਸ ਵਿਚ ਜਨਤਾ ਨਾਲ ਕੀਤੇ ਗਏ ਵਾਦਿਆਂ ਨੂੰ ਪਹਿਲ ਦਿੱਤੀ ਜਾਵੇਗੀ। ਮੁੱਖ ਮੰਤਰੀ ਸ਼ਨੀਵਾਰ ਨੂੰ ਹਰਿਆਣਾ ਭਵਨ ਨਵੀਂ ਦਿੱਲੀ ’ਚ ਭਾਜਪਾ ਸੰਗਠਨ ਦੇ ਨੇਤਾਵਾਂ ਅਤੇ ਵਰਕਰਾਂ ਨਾਲ ਵਰਚੁਅਲ ਮੀਟਿੰਗ ਦੌਰਾਨ ਬੋਲ ਰਹੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਸਿੱਖਿਆ, ਖੇਤੀ ਅਤੇ ਕਿਸਾਨ ਕਲਿਆਣ ਸਮੇਤ ਹੋਰ ਸਾਰੇ ਖੇਤਰਾਂ ਅਤੇ ਵਰਗਾਂ ਦੇ ਕਲਿਆਣ ਲਈ ਵਚਨਬੱਧ ਹੈ। ਜਨਤਾ ਦੀ ਜ਼ਰੂਰਤ ਅਤੇ ਉਸਦੀ ਸੇਵਾ ਲਈ ਜੋ ਵੀ ਚੰਗਾ ਹੋਵੇਗਾ, ਉਸ ਲਈ ਕੰਮ ਕੀਤਾ ਜਾ ਸਕਦਾ ਹੈ।
ਹਰਿਆਣਵੀ ਸੱਭਿਆਚਾਰ ਅਤੇ ਸੈਰ-ਸਪਾਟਾ ਖੇਤਰ ਦੇ ਵਿਕਾਸ ਲਈ ਹੋਵੇਗਾ ਕੰਮ
ਸੂਬਾ ਸਰਕਾਰ ਹਰਿਆਣਵੀ ਸੱਭਿਆਚਾਰ ਅਤੇ ਸੈਰ-ਸਪਾਟਾ ਦੇ ਵਿਕਾਸ ਲਈ ਵੀ ਲਗਾਤਾਰ ਕੰਮ ਕਰ ਰਹੀ ਹੈ। ਸਰਕਾ ਦੀ ਕੋਸ਼ਿਸ਼ ਹੈ ਕਿ ਸੂਬੇ ਦੇ ਇਨ੍ਹਾਂ ਦੋਵਾਂ ਖੇਤਰਾਂ ਦੀ ਪਛਾਣ ਵਿਸ਼ਵ ਪੱਧਰ ’ਤੇ ਹੋਵੇ। ਸਰਕਾਰ ਸਾਬਕਾ ਸੈਨਿਕਾਂ ਅਤੇ ਸੈਨਿਕਾਂ ਦੀ ਭਲਾਈ ਲਈ ਵੀ ਕੰਮ ਕਰ ਰਹੀ ਹੈ।
ਬਜਟ ਲਈ ਚੰਗੇ ਸੁਝਾਅ ’ਤੇ ਹੋਵੇਗਾ ਵਿਚਾਰ
ਮੁੱਖ ਮੰਤਰੀ ਨੇ ਕਿਹਾ ਕਿ ਬਜਟ ਤਿਆਰ ਕਨਰ ਤੋਂ ਪਹਿਲਾਂ ਵੱਖ-ਵੱਖ ਸੈਕਟਰ ਦੇ ਲੋਕਾਂ ਨਾਲ ਗੱਲ ਕੀਤੀ ਗਈ ਅਤੇ ਉਨ੍ਹਾਂ ਦੇ ਸੁਝਾਅ ਮੰਗੇ ਗਏ। ਕੁਝ ਪ੍ਰਮੁੱਖ ਵਿਭਾਗਾਂ ਨਾਲ ਵੀ ਬਜਟ ਤੋਂ ਪਹਿਲਾਂ ਚਰਚਾ ਕੀਤੀ ਗਈ ਹੈ। ਇਸ ਦੌਰਾਨ ਜੋ ਵੀ ਚੰਗੇ ਸੁਝਾਅ ਆਉਣਗੇ, ਉਨ੍ਹਾਂ ਨੂੰ ਬਜਟ ’ਚ ਸ਼ਾਮਿਲ ਕੀਤਾ ਜਾਵੇਗਾ। ਸਰਕਾਰ ਦੀ ਕੋਸ਼ਿਸ਼ ਹੈ ਕਿ ਬਜਟ ਸੂਬੇ ਦੇ ਸਰਵਪੱਖੀ ਵਿਕਾਸ ਅਤੇ ਭਵਿੱਖ ਦੇ ਹਰਿਆਣਾ ਨੂੰ ਧਿਆਨ ’ਚ ਰੱਖ ਕੇ ਬਣਾਇਆ ਜਾ ਰਿਹਾ ਹੈ। ਇਸ ਮੌਕੇ ਭਾਜਪਾ ਦੇ ਸੂਬਾ ਪ੍ਰਧਾਨ ਓਪ ਪ੍ਰਕਾਸ਼ ਧਨਖੜ, ਸੂਬਾ ਮੰਤਰੀ ਮਨੀਸ਼ ਗਰੋਵਰ, ਕਰਣ ਦੇਵ ਕੰਬੋਜ ਸਮੇਤ ਹੋਰ ਮਾਣਯੋਗ ਨੇਤਾ ਮੌਜੂਦ ਸਨ।