ਗਰੀਬਾਂ ''ਤੇ ਮੋਦੀ ਸਰਕਾਰ ਦਾ ''ਗੁਪਤ ਵਾਰ'' ਹੈ ਬਜਟ, ਸਮਾਨ ਵਿਚਾਰ ਵਾਲੇ ਲੋਕ ਇਕਜੁਟ ਹੋਣ : ਸੋਨੀਆ
Monday, Feb 06, 2023 - 02:12 PM (IST)
ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਸੋਮਵਾਰ ਨੂੰ ਕਿਹਾ ਕਿ ਮੋਦੀ ਸਰਕਾਰ ਨੇ ਵਿੱਤ ਸਾਲ 2023-24 ਦੇ ਬਜਟ ਦੇ ਮਾਧਿਅਮ ਨਾਲ ਗਰੀਬਾਂ 'ਤੇ 'ਗੁਪਤ ਵਾਰ' ਕੀਤਾ ਹੈ ਅਤੇ ਸਮਾਨ ਵਿਚਾਰਧਾਰਾ ਵਾਲੇ ਲੋਕਾਂ ਨੂੰ ਇਕਜੁਟ ਹੋ ਕੇ ਸਰਕਾਰ ਦੇ ਨੁਕਸਾਨ ਪਹੁੰਚਾਉਣ ਵਾਲੇ ਕਦਮਾਂ ਦਾ ਵਿਰੋਧ ਕਰਨਾ ਚਾਹੀਦਾ ਅਤੇ ਤਬਦੀਲੀ ਲਿਆਉਣੀ ਚਾਹੀਦੀ ਹੈ ਜੋ ਜਨਤਾ ਦੇਖਣੀ ਚਾਹੁੰਦੀ ਹੈ। ਉਨ੍ਹਾਂ ਨੇ ਇਕ ਨਿਊਜ਼ ਚੈਨਲ 'ਚ ਲਿਖੇ ਲੇਖ 'ਚ ਅਡਾਨੀ ਸਮੂਹ ਨਾ ਜੁੜੇ ਮਾਮਲੇ ਦਾ ਵੀ ਹਵਾਲਾ ਦਿੱਤਾ ਅਤੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਮੰਤਰੀ 'ਵਿਸ਼ਵ ਗੁਰੂ' ਅਤੇ 'ਅੰਮ੍ਰਿਤਕਾਲ' ਦੀਆਂ ਗੱਲਾਂ ਕਰਦੇ ਹਨ, ਜਦੋਂ ਕਿ ਉਨ੍ਹਾਂ ਦੇ ਚਹੇਤੇ ਵਪਾਰੀ ਨੂੰ ਲੈ ਕੇ 'ਵਿੱਤੀ ਧਾਂਦਲੀ' ਦਾ ਮਾਮਲਾ ਸਾਹਮਣੇ ਆ ਗਿਆ ਹੈ। ਸੋਨੀਆ ਨੇ ਦਾਅਵਾ ਵੀ ਕੀਤਾ,''ਪ੍ਰਧਾਨ ਮੰਤਰੀ ਦੀ ਨੀਤੀ ਗਰੀਬਾਂ ਅਤੇ ਮੱਧਮ ਵਰਗ ਦੇ ਲੋਕਾਂ ਦੀ ਕੀਮਤ 'ਤੇ ਆਪਣੇ ਕੁਝ ਅਮੀਰ ਦੋਸਤਾਂ ਨੂੰ ਫ਼ਾਇਦਾ ਪਹੁੰਚਾਉਣ ਦੀ ਹੈ, ਭਾਵੇਂ ਉਹ ਨੋਟਬੰਦੀ ਹੋਵੇ, ਗਲਤ ਢੰਗ ਨਾਲ ਬਣੀ ਅਤੇ ਛੋਟੇ ਕਾਰੋਬਾਰਾਂ ਨੂੰ ਨੁਕਸਾਨ ਪਹੁੰਚਾਉਣ ਵਾਲੀ ਜੀ.ਐੱਸ.ਟੀ. ਹੋਵੇ, ਤਿੰਨ ਖੇਤੀ ਕਾਨੂੰਨਾਂ ਨੂੰ ਲਿਆਉਣ ਦੀ ਅਸਫ਼ਲ ਕੋਸ਼ਿਸ਼ ਹੋਵੇ ਜਾਂ ਫਿਰ ਖੇਤੀਬਾੜੀ ਖੇਤਰ ਦੀ ਅਣਦੇਖੀ ਹੋਵੇ।''
ਉਨ੍ਹਾਂ ਦੋਸ਼ ਲਗਾਇਆ ਕਿ ਨਿੱਜੀਕਰਨ ਕਾਰਨ ਕੀਮਤੀ ਰਾਸ਼ਟਰੀ ਜਾਇਦਾਦਾਂ ਬਹੁਤ ਹੀ ਸਸਤੀ ਕੀਮਤ 'ਤੇ ਨਿੱਜੀ ਹੱਥਾਂ 'ਚ ਸੌਂਪ ਦਿੱਤੀਆਂ ਗਈਆਂ ਜੋ ਬੇਰੁਜ਼ਗਾਰੀ ਦਾ ਇਕ ਕਾਰਨ ਬਣਿਆ ਹੈ। ਕਾਂਗਰਸ ਸੰਸਦੀ ਦਲ ਦੀ ਮੁਖੀ ਨੇ ਇਹ ਦਾਅਵਾ ਵੀ ਕੀਤਾ ਕਿ ਮੌਜੂਦਾ ਸਰਕਾਰ ਨੇ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂ.ਪੀ.ਏ.) ਸਰਕਾਰ ਦੇ ਸਮੇਂ ਦੇ ਲੋਕਾਂ ਨੂੰ ਅਧਿਕਾਰ ਦੇਣ ਅਤੇ ਦੂਰਗਾਮੀ ਅਸਰ ਵਾਲੇ ਕਾਨੂੰਨਾਂ 'ਤੇ ਵੀ ਹਮਲਾ ਕੀਤਾ ਹੈ। ਉਨ੍ਹਾਂ ਕਿਹਾ,''ਇਹ ਸਮਾਨ ਵਿਚਾਰ ਵਾਲੇ ਭਾਰਤੀਆਂ ਦਾ ਕਰਤੱਵ ਹੈ ਕਿ ਉਹ ਇਕਜੁਟ ਹੋਣ ਅਤੇ ਇਸ ਸਰਕਾਰ ਦੇ ਨੁਕਸਾਨ ਪਹੁੰਚਾਉਣ ਵਾਲੇ ਕਦਮਾਂ ਦਾ ਵਿਰੋਧ ਕਰਨ ਅਤੇ ਇਕ ਅਜਿਹੇ ਬਦਲਾਅ ਦੀ ਬੁਨਿਆਦ ਰੱਖਣ, ਜਿਸ ਦਾ ਲੋਕ ਇੰਤਜ਼ਾਰ ਕਰ ਰਹੇ ਹਨ।'' ਸੋਨੀਆ ਨੇ ਦੋਸ਼ ਲਗਾਇਆ ਕਿ ਇਹ ਬਜਟ ਗਰੀਬਾਂ 'ਤੇ 'ਗੁਪਤ ਵਾਰ' ਹੈ। ਉਨ੍ਹਾਂ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨੂੰ ਅਧਿਕਾਰਾਂ ਦੇ ਸੰਦਰਭ 'ਚ ਕੀਤੀਆਂ ਜਾਣ ਵਾਲੀਆਂ ਸਾਰੇ ਤਰ੍ਹਾਂ ਦੀਆਂ ਗੱਲਾਂ ਨਾਪਸੰਦ ਹਨ।