ਅਗਨੀਵੀਰਾਂ ਲਈ ਬਜਟ ਵਧਾਇਆ, ਰੱਖਿਆ ਮੰਤਰਾਲਾ ਨੂੰ ਮਿਲੇ ਰਿਕਾਰਡ 6.81 ਲੱਖ ਕਰੋੜ ਰੁਪਏ
Sunday, Feb 02, 2025 - 03:13 AM (IST)
ਨਵੀਂ ਦਿੱਲੀ - ਹਥਿਆਰਬੰਦ ਫੋਰਸਾਂ ਦੇ ਆਧੁਨਿਕੀਕਰਨ ਤੇ ਰੱਖਿਆ ਖੇਤਰ ’ਚ ਸਵੈ-ਨਿਰਭਰਤਾ ਵੱਲ ਇਕ ਵੱਡਾ ਕਦਮ ਚੁੱਕਦੇ ਹੋਏ ਸਰਕਾਰ ਨੇ ਵਿੱਤੀ ਸਾਲ 2025-26 ਦੇ ਬਜਟ ’ਚ ਰੱਖਿਆ ਮੰਤਰਾਲਾ ਲਈ ਰਿਕਾਰਡ 6.81 ਲੱਖ ਕਰੋੜ ਰੁਪਏ ਦਾ ਪ੍ਰਬੰਧ ਕੀਤਾ ਹੈ।
ਮੰਤਰਾਲਾ ਨੇ ਇਕ ਬਿਆਨ ’ਚ ਕਿਹਾ ਕਿ ਇਹ ਵੰਡ ਵਿੱਤੀ ਸਾਲ 2024-25 ਦੇ ਬਜਟ ਅਨੁਮਾਨਾਂ ਨਾਲੋਂ 9.53 ਫੀਸਦੀ ਵੱਧ ਹੈ। ਇਹ ਕੇਂਦਰੀ ਬਜਟ ਦਾ 13.45 ਫੀਸਦੀ ਹੈ ਜੋ ਹੋਰਨਾਂ ਮੰਤਰਾਲਿਆਂ ’ਚੋਂ ਸਭ ਤੋਂ ਵੱਧ ਹੈ। ਇਸ ’ਚੋਂ 1,80,000 ਕਰੋੜ ਰੁਪਏ ਭਾਵ ਕੁੱਲ ਵੰਡ ਦਾ 26.43 ਫੀਸਦੀ ਰੱਖਿਆ ਸੇਵਾਵਾਂ ਦੇ ਪੂੰਜੀਗਤ ਖਰਚ ਲਈ ਹੈ।
ਬਜਟ ’ਚ ਹਥਿਆਰਬੰਦ ਫੋਰਸਾਂ ਲਈ ਮਾਲੀਆ ਵੰਡ 3,11,732.30 ਕਰੋੜ ਰੁਪਏ ਹੈ ਜੋ ਕੁੱਲ ਵੰਡ ਦਾ 45.76 ਫੀਸਦੀ ਹੈ। ਇਸ ’ਚ ਰੱਖਿਆ ਪੈਨਸ਼ਨ ਦਾ ਹਿੱਸਾ 1,60,795 ਕਰੋੜ ਰੁਪਏ ਭਾਵ 23.60 ਫੀਸਦੀ ਹੈ। ਬਾਕੀ 28,682.97 ਕਰੋੜ ਰੁਪਏ ਭਾਵ 4.21 ਫੀਸਦੀ ਰੱਖਿਆ ਮੰਤਰਾਲਾ ਅਧੀਨ ਸਿਵਲ ਸੰਗਠਨਾਂ ਲਈ ਹੈ।
ਸਰਕਾਰ ਨੇ ਅਗਨੀਵੀਰ ਯੋਜਨਾ ਤਹਿਤ ਜ਼ਮੀਨੀ ਫੌਜ ਨੂੰ ਇਸ ਵਾਰ 9414 ਕਰੋੜ ਰੁਪਏ ਅਲਾਟ ਕੀਤੇ ਹਨ। ਅਗਨੀਵੀਰਾਂ ਲਈ 772 ਕਰੋੜ ਰੁਪਏ ਸਮੁੰਦਰੀ ਫੌਜ ਨੂੰ ਅਤੇ 853 ਕਰੋੜ ਰੁਪਏ ਹਵਾਈ ਫੌਜ ਨੂੰ ਅਲਾਟ ਕੀਤੇ ਗਏ ਹਨ। ਤਿੰਨਾਂ ਖੇਤਰਾਂ ਦੇ ਅਗਨੀਵੀਰਾਂ ਲਈ ਸਰਕਾਰ ਨੇ ਕਰੋੜਾਂ ਰੁਪਏ ਦਾ ਵਾਧਾ ਕੀਤਾ ਹੈ।
2025-26 ਨੂੰ ‘ਸੁਧਾਰਾਂ ਦੇ ਸਾਲ’ ਵਜੋਂ ਮਨਾਇਆ ਜਾਵੇਗਾ
ਮੰਤਰਾਲਾ ਨੇ 2025-26 ਨੂੰ ‘ਸੁਧਾਰਾਂ ਦੇ ਸਾਲ’ ਵਜੋਂ ਮਨਾਉਣ ਦਾ ਫੈਸਲਾ ਕੀਤਾ ਹੈ ਜੋ ਹਥਿਆਰਬੰਦ ਫੋਰਸਾਂ ਦੇ ਆਧੁਨਿਕੀਕਰਨ ਦੇ ਸਰਕਾਰ ਦੇ ਸੰਕਲਪ ਨੂੰ ਹੋਰ ਮਜ਼ਬੂਤ ਕਰੇਗਾ ਤੇ ਅਲਾਟਮੈਂਟਾਂ ਦੀ ਸਰਬੋਤਮ ਵਰਤੋਂ ਨੂੰ ਯਕੀਨੀ ਬਣਾਉਣ ਲਈ ਰੱਖਿਆ ਖਰੀਦ ਪ੍ਰਕਿਰਿਆ ਨੂੰ ਸੌਖਾ ਬਣਾਏਗਾ। ਰੱਖਿਆ ਮੰਤਰੀ ਨੇ ਵਿੱਤ ਮੰਤਰੀ ਨੂੰ ਪ੍ਰਧਾਨ ਮੰਤਰੀ ਦੇ ਵਿਕਸਤ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਵਾਲਾ ਬਜਟ ਪੇਸ਼ ਕਰਨ ਲਈ ਵਧਾਈ ਦਿੱਤੀ।