ਬੁੱਧ ਪੁੰਨਿਆ ''ਤੇ ਲੱਖਾਂ ਸ਼ਰਧਾਲੂਆਂ ਨੇ ਲਾਈ ਗੰਗਾ ''ਚ ਡੁੱਬਕੀ
Saturday, May 18, 2019 - 11:06 AM (IST)

ਪ੍ਰਯਾਗਰਾਜ—ਅੱਜ ਦੇਸ਼ ਭਰ 'ਚ 'ਬੁੱਧ ਪੁੰਨਿਆ' ਮਨਾਈ ਜਾ ਰਹੀ ਹੈ। ਵੈਸੇ ਤਾਂ ਹਰ ਸਾਲ ਵੈਸਾਖ ਮਹੀਨੇ ਦੀ ਪੁੰਨਿਆ ਨੂੰ 'ਬੁੱਧ ਪੁੰਨਿਆ' ਦੇ ਰੂਪ 'ਚ ਮਨਾਈ ਜਾਂਦੀ ਹੈ ਪਰ ਇਸ ਵਾਰ ਪੁੰਨਿਆ 18 ਮਈ ਭਾਵ ਅੱਜ ਮਨਾਈ ਜਾ ਰਹੀ ਹੈ। ਵੈਸਾਖ ਮਹੀਨੇ 'ਚ ਆਉਣ ਵਾਲੀ ਪੁੰਨਿਆ ਦਾ ਵੱਖਰਾ ਮਹੱਤਵ ਹੈ। ਲੱਖਾਂ ਦੀ ਗਿਣਤੀ 'ਚ ਸ਼ਰਧਾਲੂਆਂ ਨੇ ਅੱਜ ਹਰਿਦੁਆਰ, ਪ੍ਰਯਾਗਰਾਜ ਅਤੇ ਨਾਸਿਕ 'ਚ ਗੰਗਾ ਆਸਥਾ ਦੀ ਡੁੱਬਕੀ ਲਗਾਈ। ਪ੍ਰਯਾਗਰਾਜ 'ਚ ਲੋਕ ਗੰਗਾ 'ਚ ਡੁੱਬਕੀ ਲਗਾ ਕੇ ਗੰਗਾ ਮਾਂ ਦੀ ਪੂਜਾ ਕਰ ਰਹੇ ਹਨ।
ਹਰਿਦੁਆਰ 'ਚ ਸਵੇਰ ਤੋਂ ਹੀ ਸ਼ਰਧਾਲੂਆਂ ਦੀ ਭੀੜ ਇੱਕਠੀ ਹੋ ਗਈ ਹੈ। ਇਸ ਨਜ਼ਾਰੇ ਨੂੰ ਦੇਖਣ ਲਈ ਲੋਕ ਬਹੁਤ ਦੂਰ-ਦੂਰ ਤੋਂ ਆਏ ਹਨ। ਬੁੱਧ ਪੁੰਨਿਆ ਨੂੰ 'ਭਗਵਾਨ ਗੌਤਮ ਬੁੱਧ ਦੀ ਜਯੰਤੀ' ਦੇ ਰੂਪ 'ਚ ਵੀ ਮਨਾਈ ਜਾਂਦੀ ਹੈ। ਅੱਜ ਦੇ ਦਿਨ ਹੀ ਭਗਵਾਨ ਬੁੱਧ ਦਾ ਜਨਮ ਅਤੇ ਬੋਧੀ ਗਿਆਨ ਦੀ ਪ੍ਰਾਪਤੀ ਹੋਈ ਸੀ। ਇਸ ਲਈ ਬੁੱਧ ਪੁੰਨਿਆ ਨੂੰ ਵੈਸਾਖ ਪੁੰਨਿਆ ਦੇ ਨਾਂ ਨਾਲ ਹੀ ਜਾਣਿਆ ਜਾਂਦਾ ਹੈ।
ਇਸ ਦਿਨ ਦਾ ਮਹੱਤਵ-
ਮੰਨਿਆ ਜਾਂਦਾ ਹੈ ਕਿ ਭਗਵਾਨ ਬੁੱਧ ਵਿਸ਼ਣੂ ਦੇ 9ਵੇਂ ਅਵਤਾਰ ਸੀ। ਕਈ ਸਾਲਾਂ ਤੱਕ ਬੋਧਗਯਾ 'ਚ ਬੋਧੀ ਰੁੱਖ ਦੇ ਹੇਠਾਂ ਤਪੱਸਿਆ ਕਰ ਕੇ ਜਦੋਂ ਉਨ੍ਹਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਤਾਂ ਇਸ ਦਿਨ ਸਾਰੀ ਸ੍ਰਿਸ਼ਟੀ ਲਈ ਖਾਸ ਦਿਨ ਬਣ ਗਿਆ, ਜਿਸ ਨੂੰ 'ਵੈਸਾਖ ਪੁੰਨਿਆ' ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਵੈਸਾਖ ਪੁੰਨਿਆ ਦੇ ਦਿਨ ਗੰਗਾ 'ਚ ਇਸ਼ਨਾਨ ਕਰਨਾ ਚਾਹੀਦਾ ਹੈ। ਇਸ ਦਿਨ ਗਰੀਬਾਂ ਨੂੰ ਖਾਣਾ ਖਵਾਉਣਾ ਚਾਹੀਦਾ ਹੈ ਅਤੇ ਕੱਪੜੇ ਵੰਡਣੇ ਚਾਹੀਦੇ ਹਨ। ਇਸ ਦਿਨ ਬੁੱਧ ਧਰਮ ਦੇ ਲੋਕ ਘਰ ਅਤੇ ਮੰਦਰਾਂ 'ਚ ਭਗਵਾਨ ਬੁੱਧ ਦੀ ਮੂਰਤੀ ਅੱਗੇ ਅਗਰਬੱਤੀ ਅਤੇ ਮੋਮਬੱਤੀ ਜਗਾ ਕੇ ਪੂਜਾ ਕਰਦੇ ਹਨ।
ਇਸ ਤੋਂ ਇਲਾਵਾ ਕਈ ਥਾਵਾਂ 'ਤੇ ਇਹ ਵੀ ਕਿਹਾ ਗਿਆ ਹੈ ਕਿ ਭਗਵਾਨ ਵਿਸ਼ਣੂ ਵੀ ਇਸ ਦਿਨ ਕੁਰਮ ਅਵਤਾਰ 'ਚ ਪੈਦਾ ਹੋਏ ਸੀ। ਇਸ ਲਈ ਵੀ ਇਸ ਦਿਨ ਦਾ ਵਿਸ਼ੇਸ਼ ਮਹੱਤਵ ਹੈ। ਮਾਨਤਾ ਹੈ ਕਿ ਇਸ ਦਿਨ ਨਦੀ 'ਤੇ ਇਸ਼ਨਾਨ ਕਰਨਾ ਅਤੇ ਦਾਨ ਪੁੰਨ ਕਰਨਾ ਬਹੁਤ ਹੀ ਫਲਦਾਇਕ ਹੁੰਦਾ ਹੈ। ਸੱਤਿਆਨਰਾਇਣ ਦੀ ਕਥਾ ਕਰਨਾ ਵੀ ਇਸ ਦਿਨ ਬਹੁਤ ਸ਼ੁੱਭਕਾਰੀ ਹੁੰਦੀ ਹੈ। ਇਸ ਦੇ ਨਾਲ ਹੀ ਭਗਵਾਨ ਸ਼ਿਵ ਦੀ ਪੂਜਾ ਵੀ ਕਰਨੀ ਚਾਹੀਦੀ ਹੈ। ਸ਼ਾਸ਼ਤਰਾਂ ਮੁਤਾਬਕ ਕਿਹਾ ਜਾਂਦਾ ਹੈ ਕਿ ਵੈਸਾਖ ਪੁੰਨਿਆ ਦੇ ਦਿਨ ਗੰਗਾ 'ਚ ਡੁੱਬਕੀ ਲਗਾਉਣ ਦਾ ਜ਼ਿਆਦਾ ਮਹੱਤਵ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਇਸ ਦਿਨ ਗੰਗਾ ਦੇ ਇਸ਼ਨਾਨ ਕਰਨ ਨਾਲ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ।