ਗੁਜਰਾਤ : ਧੀ ਦੀ ਇਤਰਾਜ਼ਯੋਗ ਵੀਡੀਓ ਵਾਇਰਲ ਕਰਨ ਦਾ ਵਿਰੋਧ ਕਰਨ ’ਤੇ BSF ਜਵਾਨ ਦਾ ਕਤਲ
Tuesday, Dec 27, 2022 - 05:34 PM (IST)

ਖੇੜਾ (ਭਾਸ਼ਾ)- ਗੁਜਰਾਤ ਦੇ ਖੇੜਾ ਜ਼ਿਲ੍ਹੇ ਵਿਚ ਆਪਣੀ ਨਾਬਾਲਿਗ ਧੀ ਦੀ ਇਤਰਾਜ਼ਯੋਗ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਦਾ ਵਿਰੋਧ ਕਰਨ ਨੂੰ ਲੈ ਕੇ ਬੀ.ਐੱਸ.ਐੱਫ. ਦੇ 42 ਸਾਲਾ ਜਵਾਨ ਦਾ ਇਕ ਪਰਿਵਾਰ ਦੇ 7 ਮੈਂਬਰਾਂ ਨੇ ਕਤਲ ਕਰ ਦਿੱਤਾ। ਪੁਲਸ ਨੇ ਮੰਗਲਵਾਰ ਨੂੰ ਦੱਸਿਆ ਕਿ ਬੀ.ਐੱਸ.ਐੱਫ. ਜਵਾਨ ਆਪਣੀ ਨਾਬਾਲਿਗ ਧੀ ਦੀ ਇਤਰਾਜ਼ਯੋਗ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦਾ ਵਿਰੋਧ ਕਰਨ ਲਈ ਦੋਸ਼ੀਆਂ ਦੇ ਘਰ ਗਿਆ ਸੀ।
ਉਨ੍ਹਾਂ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਰਾਤ ਲਗਭਗ 10 ਵਜੇ ਵਾਪਰੀ ਅਤੇ 7 ਦੋਸ਼ੀਆਂ ਨੂੰ ਐਤਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਬੀ.ਐੱਸ.ਐੱਫ. ਜਵਾਨ ਮੇਲਾਜੀ ਵਾਘੇਲਾ, ਉਸ ਦੀ ਪਤਨੀ ਅਤੇ ਬੇਟਾ ਜ਼ਿਲ੍ਹੇ ਦੇ ਨਡਿਆਦ ਬਲਾਕ ਦੇ ਚਕਲਾਸੀ ਪਿੰਡ ਵਿਚ ਦਿਨੇਸ਼ ਦੇ ਘਰ ਗਏ ਸਨ। ਉਹ ਵਾਘੇਲਾ ਦੀ ਧੀ ਦੀ ਇਤਰਾਜ਼ਯੋਗ ਵੀਡੀਓ ਵਾਇਰਲ ਕੀਤੇ ਜਾਣ ਨੂੰ ਲੈ ਕੇ ਵਿਰੋਧ ਪ੍ਰਗਟਾਉਣ ਲਈ ਉਨ੍ਹਾਂ ਦੇ ਘਰ ਗਏ ਸਨ। ਪੀੜਤ ਪਰਿਵਾਰ ਨੇ ਦਾਅਵਾ ਕੀਤਾ ਕਿ ਦਿਨੇਸ਼ ਦੇ ਬੇਟੇ ਨੇ ਉਨ੍ਹਾਂ ਦੀ ਧੀ ਦੀ ਇਤਰਾਜ਼ਯੋਗ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ। ਪੁਲਸ ਸੁਪਰਡੈਂਟ ਰਾਜੇਸ਼ ਗੜ੍ਹੀਆ ਨੇ ਦੱਸਿਆ ਕਿ ਇਹ ਘਟਨਾ ਉਦੋਂ ਵਾਪਰੀ, ਜਦੋਂ ਵਾਘੇਲਾ ਮੇਹਸਾਣਾ 'ਚ ਅੰਬਾਸਨ ਤੋਂ ਰਾਜਸਥਾਨ ਦੇ ਬਾੜਮੇਰ 'ਚ ਆਪਣੇ ਤਬਾਦਲੇ ਤੋਂ ਪਹਿਲਾਂ ਛੁੱਟੀ 'ਤੇ ਪਰਿਵਾਰ ਨੂੰ ਮਿਲਣ ਆਇਆ ਸੀ।