ਜੰਮੂ ’ਚ BSF ਵਲੋਂ ਪਾਕਿਸਤਾਨੀ ਡਰੋਨ ’ਤੇ ਗੋਲੀਬਾਰੀ, ਸਰਹੱਦ ’ਤੇ 300 ਮੀਟਰ ਦੀ ਉੱਚਾਈ ’ਤੇ ਲਾ ਰਿਹਾ ਸੀ ਚੱਕਰ
Thursday, Jun 09, 2022 - 10:27 AM (IST)
ਜੰਮੂ– ਸਰਹੱਦ ਸੁਰੱਖਿਆ ਫੋਰਸ (BSF) ਨੇ ਵੀਰਵਾਰ ਤੜਕਸਾਰ ਜੰਮੂ ਜ਼ਿਲ੍ਹੇ ’ਚ ਕੌਮਾਂਤਰੀ ਸਰਹੱਦ (IB) ਨੇੜੇ ਇਕ ਸ਼ੱਕੀ ਪਾਕਿਸਤਾਨੀ ਡਰੋਨ ’ਤੇ ਗੋਲੀਬਾਰੀ ਕੀਤੀ, ਜਿਸ ਨਾਲ ਉਸ ਨੂੰ ਵਾਪਸ ਪਰਤਣਾ ਪਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਲਾਕੇ ਦੀ ਤਲਾਸ਼ੀ ਜਾਰੀ ਹੈ, ਤਾਂ ਕਿ ਡਰੋਨ ਨੇ ਜੇਕਰ ਕੋਈ ਹਥਿਆਰ ਜਾ ਵਿਸਫੋਟਕ ਸੁੱਟਿਆ ਹੈ ਤਾਂ ਉਸ ਦਾ ਤੁਰੰਤ ਪਤਾ ਲੱਗ ਸਕੇ।
ਓਧਰ BSF ਦੇ ਬੁਲਾਰੇ ਨੇ ਕਿਹਾ ਕਿ ਅਰਨੀਆ ਇਲਾਕੇ ’ਚ ਤੜਕੇ ਕਰੀਬ ਸਵਾ 4 ਵਜੇ ਇਕ ਰੋਸ਼ਨੀ ਜਗਦੀ-ਬੁੱਝਦੀ ਹੋਈ ਨਜ਼ਰ ਆਈ, ਸ਼ੱਕ ਹੈ ਕਿ ਉਹ ਡਰੋਨ ਸੀ। ਉਨ੍ਹਾਂ ਦੱਸਿਆ ਕਿ BSF ਕਰਮੀਆਂ ਨੇ ਕਰੀਬ 300 ਮੀਟਰ ਦੀ ਉੱਚਾਈ ’ਤੇ ਉੱਡਦੀ ਹੋਈ ਉਸ ਵਸਤੂ ਵੱਲ ਤੁਰੰਤ ਗੋਲੀਬਾਰੀ ਕੀਤੀ, ਜਿਸ ਨਾਲ ਉਸ ਨੂੰ ਵਾਪਸ ਪਰਤਣਾ ਪਿਆ।
ਉਨ੍ਹਾਂ ਨੇ ਦੱਸਿਆ ਕਿ ਸੁਰੱਖਿਆ ਫੋਰਸ ਜੰਮੂ ਖੇਤਰ ’ਚ ਕੌਮਾਂਤਰੀ ਸਰਹੱਦ ’ਤੇ ਡਰੋਨ ਜ਼ਰੀਏ ਪਾਕਿਸਤਾਨ ਅਤੇ ਅੱਤਵਾਦੀ ਸੰਗਠਨਾਂ ਦੇ ਅੱਤਵਾਦੀਆਂ ਨੂੰ ਹਥਿਆਰਾਂ, ਗੋਲਾ-ਬਾਰੂਦ ਅਤੇ ਵਿਸਫੋਟਕਾਂ ਦੀ ਤਸਕਰੀ ਕਰਨ ਦੀਆਂ ਵਾਰਦਾਤਾਂ ਨੂੰ ਲੈ ਕੇ ਚੌਕਸ ਹੈ। ਸੁਰੱਖਿਆ ਫੋਰਸਾਂ ਨੇ ਹਾਲ ਹੀ ’ਚ ਜੰਮੂ, ਕਠੁਆ ਅਤੇ ਸਾਂਬਾ ਸੈਕਟਰ ’ਚ ਕਈ ਡਰੋਨ ਮਾਰ ਡਿਗਾਏ ਹਨ, ਜਿਸ ’ਚ ਰਾਈਫਲ, ਆਈ. ਈ.ਡੀ., ਨਸ਼ੀਲੇ ਪਦਾਰਥਾਂ ਤੋਂ ਇਲਾਵਾ ਸਟਿਕੀ (ਕਿਸੇ ਸਤ੍ਹਾ ’ਤੇ ਚਿਪਕਣ ਵਾਲੇ) ਬੰਬ ਮਿਲੇ ਸਨ। ਇਸ ਤੋਂ ਪਹਿਲਾਂ 29 ਮਈ ਨੂੰ ਕਠੁਆ ਜ਼ਿਲ੍ਹੇ ਦੇ ਰਾਜਬਾਗ ਇਲਾਕੇ ’ਚ ਪੁਲਸ ਨੇ ਡਰੋਨ ਨਾਲ 7 ਸਟਿਕੀ ਬੰਬ ਅਤੇ ਕਈ ‘ਅੰਡਰ ਬੈਰਲ ਗ੍ਰਨੇਡ’ ਬਰਾਮਦ ਕੀਤੇ ਸਨ।