ਨੌਜਵਾਨ ਨੇ ਚਚੇਰੀ ਭੈਣ ਦੀ ਚਿਤਾ ’ਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ
Tuesday, Jun 14, 2022 - 02:00 PM (IST)
ਸਾਗਰ– ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਵਿੱਚ ਇੱਕ 18 ਸਾਲਾ ਨੌਜਵਾਨ ਨੇ ਕਥਿਤ ਤੌਰ ’ਤੇ ਆਪਣੀ ਚਚੇਰੀ ਭੈਣ ਦੀ ਚਿਤਾ ’ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਬਹੇਰੀਆ ਥਾਣਾ ਇੰਚਾਰਜ ਦਿਵਿਆ ਪ੍ਰਕਾਸ਼ ਤ੍ਰਿਪਾਠੀ ਨੇ ਦੱਸਿਆ ਕਿ ਇਹ ਘਟਨਾ ਬਹੇਰੀਆ ਥਾਣਾ ਖੇਤਰ ਦੇ ਮਝਗੁਵਾਨ ਪਿੰਡ ’ਚ ਵਾਪਰੀ। ਮ੍ਰਿਤਕ ਦੀ ਪਛਾਣ ਕਰਨ (18) ਵਾਸੀ ਧਾਰ ਜ਼ਿਲ੍ਹੇ ਵਜੋਂ ਹੋਈ ਹੈ। ਉਸ ਵਲੋਂ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
ਉਸ ਦੀ 21 ਸਾਲਾ ਚਚੇਰੀ ਭੈਣ ਵੀਰਵਾਰ ਸ਼ਾਮ ਨੂੰ ਖੇਤ ਵਿੱਚੋਂ ਸਬਜ਼ੀ ਲਿਆਉਣ ਲਈ ਘਰੋਂ ਨਿਕਲਣ ਤੋਂ ਬਾਅਦ ਲਾਪਤਾ ਹੋ ਗਈ ਸੀ। ਜਦੋਂ ਉਹ ਵਾਪਸ ਨਾ ਆਈ ਤਾਂ ਪਰਿਵਾਰ ਵਾਲਿਆਂ ਨੇ ਭਾਲ ਸ਼ੁਰੂ ਕਰ ਦਿੱਤੀ। ਪਿੰਡ ਵਾਸੀਆਂ ਨੇ ਲੜਕੀ ਦੀ ਲਾਸ਼ ਖੂਹ ਵਿੱਚ ਵੇਖ ਕੇ ਪੁਲਸ ਨੂੰ ਸੂਚਿਤ ਕੀਤਾ। ਲੜਕੀ ਦੀ ਮੌਤ ਦੀ ਸੂਚਨਾ ਮਿਲਣ ਤੋਂ ਬਾਅਦ ਕਰਨ 430 ਕਿਲੋਮੀਟਰ ਦੂਰ ਧਾਰ ਤੋਂ ਮੋਟਰਸਾਈਕਲ ’ਤੇ ਸਾਗਰ ਆਇਆ। ਲੜਕੀ ਦੇ ਅੰਤਿਮ ਸੰਸਕਾਰ ਦੌਰਾਨ ਕਰਨ ਨੇ ਕਥਿਤ ਤੌਰ ’ਤੇ ਬਲਦੀ ਚਿਤਾ ਵਿੱਚ ਛਾਲ ਮਾਰ ਦਿੱਤੀ। ਕੁਝ ਪਿੰਡ ਵਾਸੀਆਂ ਨੇ ਉਸ ਨੂੰ ਖਿੱਚ ਕੇ ਬਾਹਰ ਕੱਢਿਆ ਪਰ ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ। ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।