ਬ੍ਰੇਕਅੱਪ ਕਰਨਾ ਖੁਦਕੁਸ਼ੀ ਲਈ ਉਕਸਾਉਣਾ ਨਹੀਂ : ਸੁਪਰੀਮ ਕੋਰਟ

Friday, Nov 29, 2024 - 11:22 PM (IST)

ਬ੍ਰੇਕਅੱਪ ਕਰਨਾ ਖੁਦਕੁਸ਼ੀ ਲਈ ਉਕਸਾਉਣਾ ਨਹੀਂ : ਸੁਪਰੀਮ ਕੋਰਟ

ਨਵੀਂ ਦਿੱਲੀ, (ਭਾਸ਼ਾ)– ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਇਕ ਫੈਸਲੇ ਵਿਚ ਕਿਹਾ ਕਿ ਬ੍ਰੇਕਅੱਪ ਜਾਂ ਵਿਆਹ ਦਾ ਵਾਅਦਾ ਤੋੜਨਾ ਖੁਦਕੁਸ਼ੀ ਲਈ ਉਕਸਾਉਣਾ ਨਹੀਂ ਹੋ ਸਕਦਾ। ਹਾਲਾਂਕਿ ਅਜਿਹੇ ਵਾਅਦੇ ਟੁੱਟਣ ’ਤੇ ਸ਼ਖਸ ਭਾਵਨਾਤਮਕ ਤੌਰ ’ਤੇ ਪ੍ਰੇਸ਼ਾਨ ਹੋ ਸਕਦਾ ਹੈ। ਜੇਕਰ ਅਜਿਹਾ ਸ਼ਖਸ ਖੁਦਕੁਸ਼ੀ ਕਰ ਲੈਂਦਾ ਹੈ ਤਾਂ ਇਸ ਦੇ ਲਈ ਕਿਸੇ ਦੂਜੇ ਵਿਅਕਤੀ ਨੂੰ ਅਪਰਾਧੀ ਨਹੀਂ ਮੰਨਿਆ ਜਾ ਸਕਦਾ।

ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿਚ ਕਰਨਾਟਕ ਹਾਈ ਕੋਰਟ ਦੇ ਉਸ ਫੈਸਲੇ ਨੂੰ ਬਦਲਿਆ, ਜਿਸ ਵਿਚ ਦੋਸ਼ੀ ਕਮਰੂਦੀਨ ਦਸਤਗੀਰ ਸਨਦੀ ਨੂੰ ਆਪਣੀ ਪ੍ਰੇਮਿਕਾ ਨੂੰ ਧੋਖਾ ਦੇਣ ਅਤੇ ਖੁਦਕੁਸ਼ੀ ਲਈ ਉਕਸਾਉਣ ਦਾ ਦੋਸ਼ੀ ਪਾਇਆ ਗਿਆ ਸੀ। ਹਾਈ ਕੋਰਟ ਨੇ ਦੋਸ਼ੀ ਨੂੰ 5 ਸਾਲ ਦੀ ਜੇਲ ਅਤੇ 25000 ਰੁਪਏ ਜੁਰਮਾਨਾ ਭਰਨ ਦੀ ਸਜ਼ਾ ਸੁਣਾਈ ਸੀ।

ਮਾਮਲੇ ਦੀ ਸੁਣਵਾਈ ਜਸਟਿਸ ਪੰਕਜ ਮਿੱਤਲ ਅਤੇ ਉੱਜਲ ਭੁਈਆਂ ਦੀ ਬੈਂਚ ਨੇ ਕੀਤੀ। ਉਨ੍ਹਾਂ ਇਸ ਮਾਮਲੇ ਨੂੰ ਕ੍ਰਿਮੀਨਲ ਕੇਸ ਨਾ ਮੰਨ ਕੇ ਆਮ ਬ੍ਰੇਕਅੱਪ ਮੰਨਿਆ ਹੈ ਅਤੇ ਸਜ਼ਾ ਨੂੰ ਪਲਟ ਦਿੱਤਾ ਹੈ। ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿਚ ਕਿਹਾ ਕਿ ਜਾਂਚ ਵਿਚ ਦੋਸ਼ੀ ਦੇ ਲੜਕੀ ਨਾਲ ਸਰੀਰਕ ਸੰਬੰਧ ਹੋਣ ਦੀ ਗੱਲ ਸਾਬਿਤ ਨਹੀਂ ਹੋ ਸਕੀ। ਨਾ ਹੀ ਖੁਦਕੁਸ਼ੀ ਲਈ ਉਕਸਾਉਣ ਦੀ ਗੱਲ ਸਹੀ ਮਿਲੀ। ਸਾਲ 2007 ਵਿਚ ਦੋਸ਼ੀ ਕਮਰੂਦੀਨ ਨੇ 8 ਸਾਲ ਦੀ ਰਿਲੇਸ਼ਨਸ਼ਿਪ ਤੋਂ ਬਾਅਦ ਆਪਣੇ ਗਰਲਫ੍ਰੈਂਡ ਨਾਲ ਵਿਆਹ ਕਰਨ ਤੋਂ ਮਨ੍ਹਾਂ ਕਰ ਦਿੱਤਾ ਸੀ। ਇਸ ਤੋਂ ਬਾਅਦ 21 ਸਾਲ ਦੀ ਲੜਕੀ ਨੇ ਖੁਦਕੁਸ਼ੀ ਕਰ ਲਈ ਸੀ।


author

Rakesh

Content Editor

Related News