ਕੋਵਿਡ-19 ਪ੍ਰਤੀ ਜਾਗਰੂਕਤਾ ਲਈ BRO ਅਧਿਕਾਰੀਆਂ ਨੇ ਸਾਈਕਲ ’ਤੇ ਕੀਤੀ 900 ਕਿਲੋਮੀਟਰ ਦੀ ਯਾਤਰਾ
Monday, May 10, 2021 - 12:43 PM (IST)
ਲੇਹ (ਭਾਸ਼ਾ)— ਸੀਮਾ ਸੜਕ ਸੰਗਠਨ (ਬੀ. ਆਰ. ਓ.) ਨੇ ਕੋਵਿਡ-19 ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਚੁੱਕੇ ਜਾ ਸਕਣ ਵਾਲੇ ਕਦਮਾਂ ਨੂੰ ਲੈ ਕੇ ਜਾਗਰੂਕਤਾ ਪੈਦਾ ਕਰਨ ਲਈ ਲੱਦਾਖ ’ਚ 8 ਦਿਨਾਂ ਵਿਚ ਸਾਈਕਲ ਤੋਂ ਕਈ ਯਾਤਰਾਵਾਂ ਕਰ ਕੇ 900 ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਇਹ ਸਮਾਰੋਹ ‘ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ’ ਤਹਿਤ ਅਤੇ ਬੀ. ਆਰ. ਓ. ਦੇ 61ਵੇਂ ਸਥਾਪਨਾ ਦਿਵਸ ਮੌਕੇ ਆਯੋਜਿਤ ਕੀਤਾ ਗਿਆ। ਬੀ. ਆਰ. ਓ. ਅਧਿਕਾਰੀਆਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਆਯੋਜਨ ਰੋਮਾਂਚ, ਖੇਡ ਦੀ ਭਾਵਨਾ ਅਤੇ ਭਾਈਚਾਰਕ ਸਾਂਝ ਪੈਦਾ ਕਰਦੇ ਹਨ ਅਤੇ ਸਥਾਨਕ ਲੋਕਾਂ ਨਾਲ ਜੁੜਨ ਦਾ ਮੌਕਾ ਦਿੰਦੇ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਇਸ ਯੋਜਨਾ ਦੇ ਮੈਂਬਰਾਂ ਹਿਮਾਂਕ ਅਤੇ ਵਿਨਾਇਕ ਨੇ 30 ਅਪ੍ਰੈਲ ਤੋਂ 7 ਮਈ ਤੱਕ ਲੱਦਾਖ ਵਿਚ ਸਾਈਕਲ ਤੋਂ ਯਾਤਰਾਵਾਂ ਕੀਤੀਆਂ ਅਤੇ 8 ਦਿਨ ਵਿਚ 900 ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਇਕ ਅਧਿਕਾਰੀ ਨੇ ਦੱਸਿਆ ਕਿ ਬੀ. ਆਰ. ਓ. ਅਧਿਕਾਰੀਆਂ ਨੇ ਉੱਚੇ ਦਰਰੇ, ਬਰਫ਼ ਨਾਲ ਢਕੇ ਪਹਾੜਾਂ, ਲੱਦਾਖ ਦੇ ਕਸਬਿਆਂ ਅਤੇ ਰਿਹਾਇਸ਼ੀ ਇਲਾਕਿਆਂ ’ਚ ਯਾਤਰਾ ਕੀਤੀ। ਉਨ੍ਹਾਂ ਨੇ ਕੋਵਿਡ-19 ਨਾਲ ਨਜਿੱਠਣ ਲਈ ਚੁੱਕੇ ਜਾਣ ਵਾਲੇ ਕਦਮਾਂ ਅਤੇ ਸੜਕ ਸੁਰੱਖਿਆ ਉਪਾਵਾਂ ਨੂੰ ਲੈ ਕੇ ਜਾਗਰੂਕਤਾ ਫੈਲਾਈ।