ਚਾਰ ਧਾਮ ਪ੍ਰੋਜੈਕਟ: BRO ਨੇ ਚੰਬਾ ਸ਼ਹਿਰ ਦੇ ਹੇਠਾ ਬਣਾਈ ਸੁਰੰਗ
Tuesday, May 26, 2020 - 02:59 PM (IST)
ਦੇਹਰਾਦੂਨ-ਸਰਹੱਦੀ ਸੜਕ ਸੰਗਠਨ (ਬੀ.ਆਰ.ਓ) ਦੀ ਟੀਮ ਨੇ ਚਾਰ ਧਾਮ ਪ੍ਰੋਜੈਕਟ 'ਚ ਇਕ ਵੱਡੀ ਸਫਲਤਾ ਹਾਸਲ ਕੀਤੀ ਹੈ। ਦਰਅਸਲ ਉਨ੍ਹਾਂ ਨੇ ਉਤਰਾਖੰਡ ਸਥਿਤ ਰਿਸ਼ੀਕੇਸ਼-ਧਰਾਸੂ ਰੋਡ 'ਤੇ ਚੰਬਾ ਕਸਬੇ ਦੇ ਹੇਠਾ 440 ਮੀਟਰ ਲੰਬੀ ਸੁਰੰਗ ਦਾ ਕੰਮ ਪੂਰਾ ਕਰ ਦਿੱਤਾ ਹੈ। ਇਸ 'ਤੇ ਨਿਰਮਾਣ ਕੰਮ ਨਿਰਧਾਰਿਤ ਸਮਾਂ ਤੋਂ ਤਿੰਨ ਮਹੀਨੇ ਪਹਿਲਾਂ ਅਕਤੂਬਰ 2020 ਤੱਕ ਪੂਰਾ ਕਰਨ ਦੀ ਉਮੀਦ ਜਤਾਈ ਜਾ ਰਹੀ ਹੈ। ਅੱਜ ਭਾਵ ਮੰਗਲਵਾਰ ਨੂੰ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸੁਰੰਗ ਦੇ ਬਣਨ ਨਾਲ ਹੁਣ ਹਰ ਤਰ੍ਹਾਂ ਦੇ ਮੌਸਮ 'ਚ 4 ਧਾਮਾਂ-ਕੇਦਾਰਨਾਥ, ਬਦਰੀਨਾਥ, ਗੰਗੋਤਰੀ ਅਤੇ ਯਮੁਨਾਤੋਰੀ ਤੱਕ ਪਹੁੰਚਿਆ ਜਾ ਸਕਦਾ ਹੈ।
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇਕ ਟਵੀਟ 'ਚ ਲਿਖਿਆ ਹੈ ਕਿ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ, "ਸਰਹੱਦੀ ਸੜਕ ਸੰਗਠਨ ਟੀਮ ਨੇ ਚਾਰ ਧਾਮ ਪ੍ਰੋਜੈਕਟ 'ਚ ਇਕ ਵੱਡੀ ਸਫਲਤਾ ਹਾਸਲ ਕੀਤੀ ਹੈ। "
ਉਨ੍ਹਾਂ ਨੇ ਕਿਹਾ ਹੈ ਕਿ ਭਵਿੱਖ 'ਚ ਇਸ ਸੁਰੰਗ ਰਾਹੀਂ ਆਵਾਜਾਈ ਦੀ ਰਫਤਾਰ ਨੂੰ ਸੁਚਾਰੂ ਬਣਾਉਣ, ਭੀੜ ਘੱਟ ਕਰਨ ਅਤੇ ਚੰਬਾ ਸ਼ਹਿਰ ਤੱਕ ਪਹੁੰਚਣ ਨੂੰ ਬਿਹਤਰ ਬਣਾਉਣ ਦੇ ਨਾਲ ਹੀ ਚਾਰਧਾਮ ਯਾਤਰਾ 'ਤੇ ਯਾਤਰੀਆਂ ਦੀ ਆਵਾਜਾਈ ਆਸਾਨ ਹੋਵੇਗੀ ਅਤੇ ਆਰਥਿਕ ਖੁਸ਼ਹਾਲੀ ਆਵੇਗੀ।"ਇਸ ਗਲੋਬਲੀ ਮਹਾਮਾਰੀ ਦੌਰਾਨ ਪੂਰੀ ਬੀ.ਆਰ.ਓ ਟੀਮ ਨੂੰ ਰਾਸ਼ਟਰ ਨਿਰਮਾਣ 'ਚ ਸ਼ਾਨਦਾਰ ਪ੍ਰਾਪਤੀ ਦੀ ਮੈਂ ਵਧਾਈ ਦਿੰਦਾ ਹਾਂ।
ਬੀ.ਆਰ.ਓ ਦੇ ਡੀ.ਜੀ ਲੈਫਟੀਨੈਂਟ ਜਨਰਲ ਹਰਪਾਲ ਸਿੰਘ ਨੇ ਇਸ ਸਬੰਧੀ ਕਿਹਾ ਹੈ ਕਿ ਸੁਰੰਗ ਦੇ ਨਿਰਮਾਣ 'ਚ ਨਵੀਂ ਆਸਟਰੇਲੀਆਈ ਤਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪ੍ਰੋਜੈਕਟ ਸ਼ਿਵਾਲਿਕ ਉਤਰਾਖੰਡ 'ਚ ਗੰਗੋਤਰੀ ਅਤੇ ਬਦਰੀਨਾਥ ਮੰਦਰ ਲਈ 250 ਕਿਲੋਮੀਟਰ ਲੰਬੀ ਸੜਕ ਦਾ ਵੀ ਨਿਰਮਾਣ ਕੀਤਾ ਜਾ ਰਿਹਾ ਹੈ।
ਚਾਰ ਧਾਮ ਰੇਲਵੇ ਪ੍ਰੋਜੈਕਟ 'ਤੇ ਵੀ ਕੰਮ ਜਾਰੀ-
ਸਾਲ 2016 'ਚ ਚਾਰ ਧਾਮ ਪ੍ਰੋਜੈਕਟ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੱਖਿਆ ਸੀ। 12 ਹਜ਼ਾਰ ਕਰੋੜ ਰੁਪਏ ਦੇ ਇਸ ਪ੍ਰੋਜੈਕਟ 'ਚ ਰਿਸ਼ੀਕੇਸ਼ ਤੋਂ ਯੁਮਨੋਤਰੀ, ਗੰਗੋਤਰੀ, ਕੇਦਾਰਨਾਥ ਅਤੇ ਬਦਰੀਨਾਥ ਧਾਮ ਤੱਕ ਦੀ ਸੜਕ ਬਣਾਈ ਜਾ ਰਹੀ ਹੈ। ਇਸ ਤੋਂ ਇਲਾਵਾ ਸੜਕ ਪ੍ਰੋਜੈਕਟ ਦੀ ਤਰਜ 'ਤੇ ਉਤਰਾਖੰਡ 'ਚ ਰੇਲਵੇ ਦਾ ਵੀ ਚਾਰ ਧਾਮ ਪ੍ਰੋਜੈਕਟ ਬਣਾਇਆ ਜਾ ਰਿਹਾ ਹੈ, ਜਿਸ 'ਚ ਇਨ੍ਹਾਂ ਧਾਮਾਂ ਨੂੰ ਰੇਲ ਨੈੱਟਵਰਕ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਨ੍ਹਾਂ ਦੋਵਾਂ ਪ੍ਰੋਜੈਕਟਾਂ ਨੂੰ 2021 'ਚ ਪ੍ਰਸਤਾਵਿਤ ਹਰਿਦੁਆਰ ਕੁੰਭ ਤੋਂ ਪਹਿਲਾਂ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।