ਲੱਦਾਖ ''ਚ ਨਿਰਮਾਣ ਅਧੀਨ ਪੁਲ ਹੋਇਆ ਢਹਿ-ਢੇਰੀ,  4 ਕਰਮੀਆਂ ਦੀਆਂ ਲਾਸ਼ਾਂ ਬਰਾਮਦ

04/10/2022 3:36:26 PM

ਲੇਹ (ਭਾਸ਼ਾ)-  ਲੱਦਾਖ ਦੇ ਨੁਬਰਾ ਸਬ-ਡਿਵੀਜ਼ਨ 'ਚ ਸ਼ਨੀਵਾਰ ਨੂੰ ਢਹੇ ਇਕ ਨਿਰਮਾਣ ਅਧੀਨ ਪੁਲ ਦੇ ਮਲਬੇ 'ਚੋਂ 4 ਕਰਮੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਲੇਹ ਜ਼ਿਲ੍ਹੇ ਦੇ ਦਿਸਕਿਤ ਪਿੰਡ ਕੋਲ ਨਿਰਮਾਣ ਅਧੀਨ ਸ਼ਤਸੇ ਤਕਨਾ ਪੁਲ ਦਾ ਇਕ ਹਿੱਸਾ ਸ਼ਨੀਵਾਰ ਸ਼ਾਮ ਕਰੀਬ 4 ਵਜੇ ਤੇਜ਼ ਹਵਾਵਾਂ ਕਾਰਨ ਢਹਿ ਗਿਆ ਸੀ ਅਤੇ ਇਸ ਦੇ ਮਲਬੇ 'ਚ 6 ਮਜ਼ਦੂਰ ਫਸ ਗਏ ਸਨ। ਅਧਿਕਾਰੀਆਂ ਅਨੁਸਾਰ, 12 ਘੰਟਿਆਂ ਤੱਕ ਚਲੇ ਸਾਂਝੀ ਬਚਾਅ ਮੁਹਿੰਮ ਤੋਂ ਬਾਅਦ ਹਾਦਸੇ ਵਾਲੀ ਜਗ੍ਹਾ ਤੋਂ 4 ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਅਤੇ 2 ਹੋਰ ਨੂੰ ਬਚਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਬਚਾਏ ਗਏ ਦੋਵੇਂ ਮਜ਼ਦੂਰ ਗੰਭੀਰ ਰੂਪ ਨਾਲ ਜ਼ਖ਼ਮੀ ਹਨ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਅਧਿਕਾਰੀਆਂ ਅਨੁਸਾਰ, ਮ੍ਰਿਤਕਾਂ ਦੀ ਪਛਾਣ ਜੰਮੂ ਕਸ਼ਮੀਰ 'ਚ ਰਾਜੌਰੀ ਜ਼ਿਲ੍ਹੇ ਦੇ ਰਾਜ ਕੁਮਾਰ ਅਤੇ ਵਰਿੰਦਰ, ਛੱਤੀਸਗੜ੍ਹ ਦੇ ਮੰਜੀਤ ਅਤੇ ਪੰਜਾਬ ਦੇ ਲਵ ਕੁਮਾਰ ਦੇ ਰੂਪ 'ਚ ਕੀਤੀ ਗਈ ਹੈ। 

ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ 'ਚ ਰਾਜੌਰੀ ਦੇ ਕੋਕੀ ਕੁਮਾਰ ਅਤੇ ਛੱਤੀਸਗੜ੍ਹ ਦੇ ਰਾਜਕੁਮਾਰ ਸ਼ਾਮਲ ਹਨ। ਲੱਦਾਖ ਦੇ ਉੱਪ ਰਾਜਪਾਲ ਆਰ.ਕੇ. ਮਾਥੁਰ ਨੇ ਬਚਾਅ ਮੁਹਿੰਮ ਦੀ ਨਿਗਰਾਨੀ ਕੀਤੀ। ਉਨਾਂ ਨੇ ਇਸ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਘਟਨਾ ਦੇ ਤੁਰੰਤ ਬਾਅਦ ਫ਼ੌਜ ਦੀ ਸਥਾਨਕ 102 ਬ੍ਰਿਗੇਡ, ਸਰਹੱਦੀ ਸੜਕ ਸੰਗਠਨ (ਬੀ.ਆਰ.ਓ.) ਦੇ ਵਿਜਯਕ ਪ੍ਰਾਜੈਕਟ ਅਤੇ ਲੇਹ ਸਥਿਤ ਹਵਾਈ ਫ਼ੌਜ ਸਟੇਸਨ ਤੋਂ ਭੇਜੀ ਗਈ ਮਦਦ ਨਾਲ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ। ਇਕ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਲੱਦਾਖ ਦੇ ਮੰਡਲੀ ਕਮਿਸ਼ਨਰ ਸੌਗਤ ਬਿਸਵਾਸ ਨੇ ਮੁਹਿੰਮ 'ਚ ਸ਼ਾਮਲ ਸਾਰੀਆਂ ਏਜੰਸੀਆਂ ਵਿਚਾਲੇ ਤਾਲਮੇਲ ਸਥਾਪਤ ਕੀਤਾ। ਉਨ੍ਹਾਂ ਦੱਸਿਆ ਕਿ ਬਚਾਏ ਗਏ ਲੋਕਾਂ ਨੂੰ ਹਵਾਈ ਮਾਰਗ ਤੋਂ ਲੇਹ ਪਹੁੰਚਾਉਣ ਲਈ ਭਾਰਤੀ ਹਵਾਈ ਫ਼ੌਜ ਦੀ ਮਦਦ ਲਈ ਗਈ। ਮਾਥੁਰ ਨੇ ਹਾਦਸੇ 'ਚ ਪ੍ਰਭਾਵਿਤ ਲੋਕਾਂ, ਖ਼ਾਸ ਕਰ ਕੇ ਪੁਲ ਨਿਰਮਾਣ 'ਚ ਲਗੇ ਮਜ਼ਦੂਰਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਹੈ।


DIsha

Content Editor

Related News