ਖਾਣਾ ਬਣਾਉਣ ਵਾਲੇ ਭਾਂਡੇ ’ਚ ਬੈਠ ਵਿਆਹ ਕਰਨ ਪਹੁੰਚੇ ਲਾੜਾ-ਲਾੜੀ, ਜਾਣੋ ਵਜ੍ਹਾ (ਦੇਖੋ ਤਸਵੀਰਾਂ)
Monday, Oct 18, 2021 - 01:50 PM (IST)
ਅਲਪੁਝਾ- ਕੇਰਲ ’ਚ ਮੋਹਲੇਧਾਰ ਮੀਂਹ ਤੋਂ ਬਾਅਦ ਹੜ੍ਹ ਅਤੇ ਜ਼ਮੀਨ ਖਿੱਸਣ ਦੀਆਂ ਦੁਖ਼ਦ ਘਟਨਾਵਾਂ ਵਿਚਾਲੇ ਇਕ ਚੰਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਪੇਸ਼ੇ ਤੋਂ ਸਿਹਤ ਕਰਮੀ ਇਕ ਜੋੜਾ ਸੋਮਵਾਰ ਨੂੰ ਪਾਣੀਆਂ ਨਾਲ ਭਰੀਆਂ ਸੜਕਾਂ ਨਾਲ ਜੂਝਦੇ ਹੋਏ ਐਲੂਮੀਨੀਅਮ ਦੇ ਇਕ ਵੱਡੇ ਭਾਂਡੇ ’ਚ ਬੈਠ ਮੈਰਿਜ ਹਾਲ ਤੱਕ ਪਹੁੰਚੇ ਅਤੇ ਵਿਆਹ ਦੇ ਬੰਧਨ ’ਚ ਬੱਝੇ। ਥਲਾਵਡੀ ’ਚ ਇਕ ਮੰਦਰ ਪਾਣੀ ਨਾਲ ਭਰ ਵਿਆਹ ਘਰ ’ਚ ਦੋਹਾਂ ਦਾ ਵਿਆਹ ਹੋਇਆ। ਵਿਆਹ ’ਚ ਬੇਹੱਦ ਘੱਟ ਗਿਣਤੀ ’ਚ ਰਿਸ਼ਤੇਦਾਰ ਆਏ ਸਨ।
ਟੀ.ਵੀ. ਚੈਨਲਾਂ ’ਤੇ ਆਕਾਸ਼ ਅਤੇ ਐਸ਼ਵਰਿਆ ਦੇ ਖਾਣਾ ਪਕਾਉਣ ਵਾਲੇ ਵੱਡੇ ਭਾਂਡਿਆਂ ’ਚ ਬੈਠ ਕੇ ਵਿਆਹ ਲਈ ਜਾਣ ਦਾ ਦ੍ਰਿਸ਼ ਛਾਇਆ ਰਿਹਾ। ਜ਼ਿਲ੍ਹੇ ’ਚ ਵੱਧ ਰਹੇ ਪਾਣੀ ਦੇ ਪੱਧਰ ਦੀ ਰਿਪੋਰਟਿੰਗ ਕਰਨ ਉੱਥੇ ਪੱਤਰਕਾਰ ਆਏ ਹੋਏ ਸਨ। ਹੜ੍ਹ ਵਿਚਾਲੇ ਇਸ ਅਨੋਖੇ ਵਿਆਹ ਦੀ ਜਾਣਕਾਰੀ ਮਿਲਣ ’ਤੇ ਉਹ ਉੱਥੇ ਪਹੁੰਚੇ ਤਾਂ ਨਵ-ਵਿਆਹੇ ਜੋੜੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੋਰੋਨਾ ਕਾਰਨ ਉਨ੍ਹਾਂ ਨੇ ਘੱਟ ਹੀ ਰਿਸ਼ਤੇਦਾਰਾਂ ਨੂੰ ਸੱਦਾ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਵਿਆਹ ਸੋਮਵਾਰ ਨੂੰ ਤੈਅ ਸੀ ਅਤੇ ਸ਼ੁੱਭ ਮਹੂਰਤ ਕਾਰਨ ਉਹ ਇਸ ਨੂੰ ਟਾਲਣਾ ਨਹੀਂ ਚਾਹੁੰਦੇ ਸਨ। ਉਨ੍ਹਾਂ ਦੱਸਿਆ ਕਿ ਉਹ ਕੁਝ ਦਿਨ ਪਹਿਲਾਂ ਮੰਦਰ ਆਏ ਸਨ ਅਤੇ ਉਦੋਂ ਉੱਥੇ ਬਿਲਕੁੱਲ ਪਾਣੀ ਨਹੀਂ ਭਰਿਆ ਸੀ। ਪਿਛਲੇ 2 ਦਿਨਾਂ ’ਚ ਮੋਹਲੇਧਾਰ ਮੀਂਹ ਕਾਰਨ ਇੱਥੇ ਪਾਣੀ ਭਰ ਗਿਆ। ਦੋਵੇਂ ਸਿਹਤ ਕਰਮੀ ਹਨ ਅਤੇ ਚੇਂਗਨੂੰਰ ਦੇ ਇਕ ਹਸਪਤਾਲ ’ਚ ਕੰਮ ਕਰਦੇ ਹਨ।