ਪ੍ਰੀਖਿਆ ਰੱਦ ਕਰਵਾਉਣ ਲਈ ਪਾਣੀ ਦੀ ਟੈਂਕੀ ''ਤੇ ਚੜ੍ਹੇ ਦੋ ਨੌਜਵਾਨ
Monday, Nov 11, 2024 - 05:06 PM (IST)
ਜੈਪੁਰ- ਰਾਜਸਥਾਨ ਪੁਲਸ ਸਬ-ਇੰਸਪੈਕਟਰ (SI) ਭਰਤੀ ਪ੍ਰੀਖਿਆ-2021 ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਦੋ ਨੌਜਵਾਨ ਇੱਥੇ ਪਾਣੀ ਦੀ ਟੈਂਕੀ 'ਤੇ ਚੜ੍ਹ ਗਏ। ਪੁਲਸ ਨੇ ਦੱਸਿਆ ਕਿ ਲਾਡੂਰਾਮ ਚੌਧਰੀ (35) ਅਤੇ ਵਿਕਾਸ ਬਿਧੂਰੀ (34) ਐਤਵਾਰ ਦੁਪਹਿਰ ਹਿੰਮਤ ਨਗਰ ਖੇਤਰ ਵਿਚ ਪਾਣੀ ਦੀ ਟੈਂਕੀ ਦੀ ਪੌੜੀ 'ਤੇ ਚੜ੍ਹੇ ਸਨ ਅਤੇ ਆਖਰੀ ਸੂਚਨਾ ਮਿਲਣ ਤੱਕ ਹੇਠਾਂ ਆਉਣ ਤੋਂ ਇਨਕਾਰ ਕਰ ਦਿੱਤਾ। ਬਜਾਜ਼ ਨਗਰ ਥਾਣੇ ਦੀ ਅਧਿਕਾਰੀ ਮਮਤਾ ਮੀਨਾ ਨੇ ਕਿਹਾ ਕਿ ਦੋਹਾਂ ਨੇ ਪਾਣੀ ਦੀ ਟੈਂਕੀ ਤੋਂ ਹੇਠਾਂ ਉਤਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਉਹ ਸਬ-ਇੰਸਪੈਕਟਰ ਭਰਤੀ ਪ੍ਰੀਖਿਆ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ।
ਮੀਣਾ ਨੇ ਕਿਹਾ ਕਿ ਲਾਡੂਰਾਮ ਨੇ ਸਬ-ਇੰਸਪੈਕਟਰ ਦੀ ਪ੍ਰੀਖਿਆ 2021 ਦਿੱਤੀ ਸੀ। ਨੌਜਵਾਨਾਂ ਨੇ ਆਪਣੀਆਂ ਸਮੱਸਿਆਵਾਂ ਵੱਲ ਧਿਆਨ ਖਿੱਚਣ ਲਈ ਟੈਂਕੀ ’ਤੇ ਬੈਨਰ ਲਗਾ ਦਿੱਤਾ ਹੈ। ਦੱਸਣਯੋਗ ਹੈ ਕਿ ਸੂਬਾ ਸਰਕਾਰ ਨੇ ਇਸ ਪ੍ਰੀਖਿਆ ਨੂੰ ਰੱਦ ਕਰਨ ਜਾਂ ਨਾ ਕਰਨ ਦਾ ਫੈਸਲਾ ਕਰਨ ਲਈ 1 ਅਕਤੂਬਰ ਨੂੰ 6 ਮੰਤਰੀਆਂ ਦੀ ਕੈਬਨਿਟ ਕਮੇਟੀ ਬਣਾਈ ਸੀ। ਪ੍ਰੀਖਿਆ ਵਿਚ 800 ਤੋਂ ਵੱਧ ਉਮੀਦਵਾਰ ਚੁਣੇ ਗਏ ਸਨ ਅਤੇ ਪੁਲਸ ਅਕੈਡਮੀਆਂ ਵਿਚ ਸਿਖਲਾਈ ਲੈ ਰਹੇ ਸਨ ਪਰ ਪ੍ਰਸ਼ਨ ਪੱਤਰ ਲੀਕ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਨ੍ਹਾਂ ਵਿਚੋਂ 50 ਸਿਖਿਆਰਥੀ ਐਸ.ਆਈ. ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਮਾਮਲੇ ਦੀ ਜਾਂਚ ਰਾਜਸਥਾਨ ਪੁਲਸ ਦੇ ਸਪੈਸ਼ਲ ਆਪਰੇਸ਼ਨ ਗਰੁੱਪ (ਐਸ. ਓ. ਜੀ) ਵਲੋਂ ਕੀਤੀ ਜਾ ਰਹੀ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਜੋਗਾਰਾਮ ਪਟੇਲ ਨੂੰ SI ਭਰਤੀ ਪ੍ਰੀਖਿਆ-2021 ਦੀ ਸਮੀਖਿਆ ਕਰਨ ਲਈ ਗਠਿਤ 6 ਮੈਂਬਰੀ ਕੈਬਨਿਟ ਕਮੇਟੀ ਦਾ ਕਨਵੀਨਰ ਬਣਾਇਆ ਗਿਆ ਹੈ। ਮੈਡੀਕਲ ਅਤੇ ਸਿਹਤ ਮੰਤਰੀ ਗਜੇਂਦਰ ਸਿੰਘ ਖਿਨਵਸਰ, ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸੁਮਿਤ ਗੋਦਾਰਾ, ਕਬਾਇਲੀ ਖੇਤਰ ਵਿਕਾਸ ਮੰਤਰੀ ਬਾਬੂਲਾਲ ਖਰੜੀ, ਗ੍ਰਹਿ ਰਾਜ ਮੰਤਰੀ ਜਵਾਹਰ ਸਿੰਘ ਬੇਦਮ ਅਤੇ ਲੋਕ ਨਿਰਮਾਣ ਰਾਜ ਮੰਤਰੀ ਮੰਜੂ ਬਾਗਮਾਰ ਕਮੇਟੀ ਦੇ ਮੈਂਬਰ ਹਨ।